ਸੰਤੋਖ ਗਿੱਲ
ਰਾਏਕੋਟ, 31 ਅਗਸਤ
ਰਾਏਕੋਟ ਸ਼ਹਿਰੀ ਥਾਣੇ ਤੋਂ ਮਹਿਜ਼ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਦਿਨ-ਦਿਹਾੜੇ ਵਰਕਸ਼ਾਪ ਦੇ ਤਾਲੇ ਤੋੜ ਕੇ ਸਾਰਾ ਸਮਾਨ ਚੋਰੀ ਕਰਨ ਅਤੇ ਦੁਕਾਨ ’ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਥਾਣਾ ਸ਼ਹਿਰੀ ਰਾਏਕੋਟ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸ਼ਹਿਰ ਦੇ ਇਕ ਨਾਮੀ ਰੀਅਲ ਅਸਟੇਟ ਮਾਲਕ ਜਗਦੀਸ਼ ਲਾਲ ਜੈਨ ਅਤੇ ਉਸ ਦੇ ਭਰਾ ਸਮੇਤ ਦਰਜਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਇਸ ਕੇਸ ਵਿੱਚ ਜਾਂਚ ਦੀ ਨਿਗਰਾਨੀ ਪੁਲੀਸ ਕਪਤਾਨ (ਸਥਾਨਕ) ਗੁਰਬਾਜ਼ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਲਾਪਰਵਾਹੀ ਦੇ ਮਾਮਲੇ ਵਿੱਚ ਥਾਣਾ ਮੁਖੀ ਹੀਰਾ ਸਿੰਘ ਤੋਂ ਜਵਾਬ ਤਲਬ ਕੀਤਾ ਗਿਆ ਹੈ। ਪਿਛਲੇ ਕਰੀਬ ਵੀਹ ਸਾਲ ਤੋਂ ਗੇਟ-ਗਰਿੱਲਾਂ ਦੀ ਵਰਕਸ਼ਾਪ ਚਲਾਉਣ ਵਾਲੇ ਸੁਖਮਨਦੀਪ ਸਿੰਘ ਉਰਫ਼ ਦੀਪਾ ਨੇ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਬਿਮਾਰ ਹੋਣ ਕਾਰਨ ਤਿੰਨ ਕੁ ਦਿਨ ਤੋਂ ਉਸ ਦੀ ਵਰਕਸ਼ਾਪ ਬੰਦ ਸੀ। ਇਸ ਮੌਕੇ ਦਾ ਫ਼ਾਇਦਾ ਉਠਾ ਕੇ ਰੀਅਲ ਅਸਟੇਟ ਮਾਲਕ ਜਗਦੀਸ਼ ਲਾਲ ਜੈਨ ਅਤੇ ਉਸ ਦੇ ਭਰਾ ਮਿੱਠਾ ਅਤੇ 8-10 ਹੋਰ ਵਿਅਕਤੀ ਮਿਲ ਕੇ ਦੁਕਾਨ ਦੇ ਤਾਲੇ ਤੋੜ ਕੇ ਦੋ ਵੈਲਡਿੰਗ ਸੈੱਟ, ਵਰਮਾ ਮਸ਼ੀਨ, ਲੋਹਾ ਕਟਰ, ਇਕ ਡਰਿੱਲ, ਹੈਂਡ ਗਰਾਈਂਡਰ, ਫ਼ਰਸ਼ੀ ਕੰਡਾ, ਸਾਰੇ ਔਜ਼ਾਰ, ਇਕ ਕਾਊਂਟਰ ਅਤੇ ਇਕ ਕਵਿੰਟਲ ਤੋਂ ਵਧੇਰੇ ਲੋਹੇ ਦਾ ਸਾਮਾਨ ਆਦਿ ਦੋ-ਤਿੰਨ ਗੱਡੀਆਂ ਵਿੱਚ ਸੁੱਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਸ ਨੇ ਦੋਸ਼ ਲਾਇਆ ਕਿ ਕਬਜ਼ਾ ਕਰਨ ਦੀ ਨੀਅਤ ਨਾਲ ਦੁਕਾਨ ਦੇ ਬਾਹਰ ਰੰਗ ਰੋਗਨ ਕਰ ਕੇ ਆਪਣਾ ਨਾਮ ਵੀ ਲਿਖ ਦਿੱਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਰੀਅਲ ਅਸਟੇਟ ਮਾਲਕ ਸਣੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।