ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਕਤੂਬਰ
ਸਨਅਤੀ ਸ਼ਹਿਰ ਦੀਆਂ ਸੜਕਾਂ ’ਤੇ ਲਾਵਾਰਸ ਪਸ਼ੂਆਂ ਦੀ ਭਰਮਾਰ ਹੈ। ਸੜਕਾਂ ਦੇ ਵਿਚਾਲੇ ਬੈਠੇ ਪਸ਼ੂ ਰਾਹਗੀਰਾਂ ਲਈ ਸਿਰਦਰਦੀ ਬਣੇ ਹੋਏ ਹਨ। ਹੋਰਨਾਂ ਇਲਾਕਿਆਂ ਦੇ ਮੁਕਾਬਲੇ ਡੇਅਰੀ ਖੇਤਰਾਂ ਦੀਆਂ ਸੜਕਾਂ ’ਤੇ ਲਾਵਾਰਸ ਪਸ਼ੂਆਂ ਦੀ ਗਿਣਤੀ ਵਧੇਰੇ ਹੈ।
ਸੜਕਾਂ ’ਤੇ ਘੁੰਮਦੇ ਲਾਵਾਰਸ ਪਸ਼ੂ ਸ਼ਹਿਰ ਦੀ ਦਿੱਖ ਵੀ ਵਿਗਾੜ ਰਹੇ ਹਨ। ਸ਼ਹਿਰ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇ, ਜਿੱਥੇ ਇਹ ਪਸ਼ੂ ਘੁੰਮਦੇ ਦਿਖਾਈ ਨਾ ਦੇਣ। ਤਾਜਪੁਰ ਰੋਡ ਅਤੇ ਹੈਬੋਵਾਲ ਡੇਅਰੀਆਂ ਵਾਲੇ ਇਲਾਕੇ ਹੋਣ ਕਰਕੇ ਲਾਵਾਰਸ ਪਸ਼ੂਆਂ ਦੀ ਬਹੁਤੀ ਗਿਣਤੀ ਵੀ ਇੱਧਰ ਹੀ ਦਿਖਾਈ ਦਿੰਦੀ ਹੈ। ਬਹੁਤੇ ਡੇਅਰੀਆਂ ਵਾਲੇ ਦੁੱਧ ਨਾ ਦੇਣ ਵਾਲੇ ਪਸ਼ੂਆਂ ਨੂੰ ਪੱਠੇ ਪਾਉਣ ਦੇ ਡਰੋਂ ਸੜਕਾਂ ’ਤੇ ਖੁੱਲ੍ਹੇ ਛੱਡ ਦਿੰਦੇ ਹਨ, ਜਿਸ ਕਰਕੇ ਸੜਕਾਂ ’ਤੇ ਪਸ਼ੂਆਂ ਦੇ ਵੱਗ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲੀਆਂ ਥਾਵਾਂ ’ਤੇ ਵੀ ਲਾਵਾਰਸ ਪਸ਼ੂਆਂ ਦੀ ਭਰਮਾਰ ਹੈ। ਵਰਧਮਾਨ ਰੋਡ, ਕਮਲਾ ਲੋਹਟੀਆ ਕਾਲਜ ਦੇ ਨੇੜੇ, ਜਲੰਧਰ ਬਾਈਪਾਸ ਰੋਡ, ਦਿੱਲੀ ਰੋਡ ਅਤੇ ਫਿਰੋਜ਼ਪੁਰ ਰੋਡ ’ਤੇ ਪਸ਼ੂ ਝੁੰਡ ਬਣਾ ਕੇ ਘੁੰਮਦੇ ਆਮ ਹੀ ਨਜ਼ਰੀ ਪੈਂਦੇ ਹਨ। ਭਾਵੇਂ ਸਬੰਧਤ ਵਿਭਾਗਾਂ ਵੱਲੋਂ ਲਾਵਾਰਸ ਪਸ਼ੂਆਂ ਦੀ ਸੰਭਾਲ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹ ਉਪਰਾਲੇ ਪਸ਼ੂਆਂ ਦੀ ਗਿਣਤੀ ਦੇ ਮੁਕਾਬਲੇ ਨਾ-ਕਾਫੀ ਜਾਪਦੇ ਹਨ। ਸਰਕਾਰੀ ਅਤੇ ਨਿੱਜੀ ਗਊਸ਼ਾਲਾਵਾਂ ਦੀ ਸਮਰੱਥਾ ਵੀ ਘੱਟ ਹੋਣ ਕਰਕੇ ਸਾਰੇ ਪਸ਼ੂਆਂ ਨੂੰ ਉੱਥੇ ਰੱਖਣਾ ਸੰਭਵ ਨਹੀਂ ਜਾਪਦਾ।
ਰਾਤ ਵੇਲੇ ਇਹ ਪਸ਼ੂ ਸੜਕਾਂ ਵਿਚਾਲੇ ਬੈਠ ਜਾਂਦੇ ਹਨ, ਜਿਸ ਕਰਕੇ ਕਈ ਵਾਰ ਤੇਜ਼ ਰਫ਼ਤਾਰ ਨਾਲ ਚੱਲਦੇ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।