ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਦੇਸ਼ ਨੂੰ ਆਰਥਿਕ, ਰਾਜਨੀਤਿਕ ਤੇ ਸਮਾਜਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਅੰਨਦਾਤਿਆਂ ਨੂੰ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਹ ਯੂਨਾਈਟਿਡ ਸਿੱਖਜ਼ ਦੇ ਮੁੱਖ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਪੰਜਾਬ ਇਕਾਈ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ, ਸੁਰਿੰਦਰਜੀਤ ਸਿੰਘ ਸੰਧੂ ਅਤੇ ਲਧਿਆਣਾ ਇਕਾਈ ਦੇ ਪ੍ਰਮੁੱਖ ਸੁਰਿੰਦਰ ਸਿੰਘ ਮੱਕੜ ਵੱਲੋਂ ਸਿਰਸਾ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨਾਂ ਦਾ ਮੋਰਚਾ ਲੰਮਾ ਹੋ ਗਿਆ ਹੈ ਪਰ ਇਸ ਦੀ ਤਾਕਤ ਲਗਾਤਾਰ ਵੱਧ ਰਹੀ ਹੈ। ਸਿਰਸਾ ਨੇ ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਨਾਈਟਿਡ ਸਿੱਖਜ਼ ਵੱਲੋਂ ਕਿਸਾਨ ਮੋਰਚੇ ਦੌਰਾਨ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਕੈਪਟਨ ਕੁਲਵੰਤ ਸਿੰਘ, ਬਲਬੀਰ ਸਿੰਘ ਛਤਵਾਲ, ਹਰਜੀਤ ਸਿੰਘ ਆਨੰਦ, ਜਸਵੰਤ ਸਿੰਘ, ਪਰਮਿੰਦਰ ਸਿੰਘ ਧਵਨ ਤੇ ਭੁਪਿੰਦਰ ਸਿੰਘ ਮੱਕੜ ਵੀ ਹਾਜ਼ਰ ਸਨ।