ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਦਸੰਬਰ
ਕੇਂਦਰੀ ਸਟੀਲ ਮੰਤਰੀ ਰਾਮ ਚੰਦਰ ਪ੍ਰਸ਼ਾਦ ਸਿੰਘ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਦੀ ਸਨਅਤਕਾਰਾਂ ਪ੍ਰਤੀ ਨੀਅਤ ਅਤੇ ਨੀਤੀ ਵਿਚ ਕੋਈ ਫਰਕ ਨਹੀਂ ਹੈ ਅਤੇ ਸਰਕਾਰ ਇਨ੍ਹਾਂ ਦੀਆਂ ਸਾਰੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨਸ਼ੀਲ ਹੈ। ਉਹ ਇੱਥੇ ਸਨਅਤਕਾਰਾਂ ਨਾਲ ਜਨ ਸੰਵਾਦ ਮੁਹਿੰਮ ਤਹਿਤ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਟੀਲ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਸਨਅਤਕਾਰਾਂ ਦੀ ਸਲਾਹ ਨਾਲ ਇਕ ਨੀਤੀ ਬਣਾਈ ਜਾਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਟੀਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਲਈ ਸਟੀਲ ਖਪਤਕਾਰਾਂ ਅਤੇ ਸਟੀਲ ਸਨਅਤਕਾਰਾਂ ਵਿਚਾਲੇ ਤਾਲਮੇਲ ਰੱਖਣ ਲਈ ਨੀਤੀ ਬਣਾਉਣ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਸਨਅਤੀ ਉਤਪਾਦਨ ਨੂੰ ਜੋ ਖੋਰਾ ਲੱਗਿਆ ਹੈ, ਉਸ ਨੂੰ ਠੀਕ ਕਰਨ ਲਈ ਵੀ ਸਰਕਾਰ ਚਿੰਤਤ ਹੈ। ਇਸ ਤੋਂ ਪਹਿਲਾਂ ਸਨਅਤਕਾਰਾਂ ਦੇ ਇਕ ਵਫ਼ਦ ਨੇ ਇਕ ਮੰਗ ਪੱਤਰ ਵੀ ਦਿੱਤਾ। ਵਫ਼ਦ ਨੇ ਮੰਗ ਕੀਤੀ ਕਿ ਸਟੀਲ ਦੀ ਐਕਸਪੋਰਟ 6 ਮਹੀਨੇ ਲਈ ਰੋਕੀ ਜਾਵੇ, ਸਟੀਲ ਦੀਆਂ ਕੀਮਤਾਂ ਸਥਿਰ ਕਰਨ ਲਈ ਰੈਗੂਲੇਟਰੀ ਕਮੇਟੀ ਬਣਾਈ ਜਾਵੇ ਅਤੇ 15 ਸਾਲ ਪੁਰਾਣੇ ਵਾਹਨਾਂ ਨੂੰ ਨਸ਼ਟ ਕਰਨ ਦੀ ਨੀਤੀ ’ਤੇ ਮੁੜ ਵਿਚਾਰ ਕੀਤਾ ਜਾਵੇ।