ਸੰਤੋਖ ਗਿੱਲ
ਗੁਰੂਸਰ ਸੁਧਾਰ, 6 ਜੂਨ
ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਲੜੀਵਾਰ ਧਰਨਾ 147ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਦੀ ਅਗਵਾਈ ਅਮਨਦੀਪ ਕੌਰ, ਕੁਲਜੀਤ ਕੌਰ ਗਰੇਵਾਲ ਅਤੇ ਸੁਖਵਿੰਦਰ ਕੌਰ ਨੇ ਕੀਤੀ। ਅੰਦੋਲਨਕਾਰੀਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿਚ ਮਨਾਏ ਸੰਪੂਰਨ ਕ੍ਰਾਂਤੀ ਦਿਵਸ ਵਿੱਚ ਲੋਕਾਂ ਵੱਲੋਂ ਕੀਤੀ ਭਰਵੀਂ ਸ਼ਮੂਲੀਅਤ ਤੋਂ ਬਾਅਦ ਵੀ ਜੇਕਰ ਮੋਦੀ ਸਰਕਾਰ ਹਠਧਰਮੀ ਛੱਡਣ ਨੂੰ ਤਿਆਰ ਨਹੀਂ ਹੈ ਤਾਂ ਕਿਸਾਨ ਜਥੇਬੰਦੀਆਂ ਨੂੰ ਹੋਰ ਚੌਕਸ ਹੋਣ ਦੀ ਲੋੜ ਹੈ, ਕਿਉਂਕਿ ਇਸ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਸਿਆਸੀ ਪਾਰਟੀਆਂ ਵੱਲੋਂ ਫਿਰਕੂ ਮਾਹੌਲ ਸਿਰਜਣ ਲਈ ਜ਼ਮੀਨ ਲੱਭੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਨੇ ਪੰਜਾਬ ਅਤੇ ਹਰਿਆਣਾ ਵਿਚ ਭਾਜਪਾ ਅਤੇ ਭਾਈਵਾਲ ਪਾਰਟੀਆਂ ਦੇ ਆਗੂਆਂ ਨੂੰ ਘਰਾਂ ਵਿੱਚ ਡੱਕ ਕੇ ਰੱਖਿਆ, ਜੇਕਰ ਸਰਕਾਰ ਨੇ ਹਾਲੇ ਵੀ ਕੰਧ ’ਤੇ ਲਿਖਿਆ ਨਾ ਪੜ੍ਹਿਆ ਤਾਂ ਅਜਿਹੇ ਹਾਲਾਤ ਦੇਸ਼ ਭਰ ਵਿੱਚ ਹੋਣਗੇ। ਹੋਰਨਾਂ ਤੋਂ ਇਲਾਵਾ ਜਨਵਾਦੀ ਇਸਤਰੀ ਆਗੂ ਜਸਪ੍ਰੀਤ ਕੌਰ, ਮੋਨਿਕਾ ਢਿੱਲੋਂ, ਬਲਵਿੰਦਰ ਕੌਰ ਸੋਮਲਖੇੜੀ, ਕਿਸਾਨ ਆਗੂ ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਨੌਜਵਾਨ ਆਗੂ ਹਰਨੇਕ ਸਿੰਘ ਗੁੱਜਰਵਾਲ ਨੇ ਵੀ ਸੰਬੋਧਨ ਕੀਤਾ। ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਵੀ ਕਿਸਾਨਾਂ ਦਾ ਲੜੀਵਾਰ ਧਰਨਾ ਜਾਰੀ ਰਿਹਾ।
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਇਥੇ ਰੇਲਵੇ ਪਾਰਕ ’ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਚਲਾਇਆ ਜਾ ਰਿਹਾ ਕਿਸਾਨ ਮੋਰਚਾ ਅੱਜ 249ਵੇਂ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ’ਚ ਚੱਲ ਰਹੇ ਧਰਨੇ ’ਚ ਅੱਜ ਸਭ ਤੋਂ ਪਹਿਲਾਂ 2017 ’ਚ ਅੱਜ ਦੇ ਦਿਨ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਕਿਸਾਨੀ ਮੰਗਾਂ ਲਈ ਸੰਘਰਸ਼ ਕਰਦੇ ਪੁਲੀਸ ਗੋਲੀ ਨਾਲ ਸ਼ਹੀਦ ਹੋਏ ਛੇ ਨੌਜਵਾਨ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਹੀਦਾਂ ਦੇ ਹੱਕ ’ਚ ਨਾਅਰੇ ਬੁਲੰਦ ਕਰਦਿਆਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦਾ ਪ੍ਰਣ ਲਿਆ ਗਿਆ। ਇਸ ਸਮੇਂ ਸ੍ਰੀ ਹਰਮਿੰਦਰ ਸਾਹਿਬ ’ਤੇ 4 ਤੋਂ 6 ਜੂਨ 1984 ਤੱਕ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਇਸ ਨੂੰ ਭਾਰਤੀ ਹਕੂਮਤ ਦੀ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਤਿੱਖੀ ਨਫ਼ਰਤ ਦਾ ਕਾਲਾ ਕਾਰਨਾਮਾ ਕਰਾਰ ਦਿੱਤਾ ਗਿਆ। ਬੁਲਾਰਿਆਂ ਨੇ ਦਰਬਾਰ ਸਾਹਿਬ ’ਤੇ ਹਮਲੇ ਤੇ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ। ਲੋਕ ਆਗੂ ਕੰਵਲਜੀਤ ਖੰਨਾ ਨੇ ਦੇਸ਼ ਭਰ ’ਚ ਭਾਜਪਾ ਆਗੂਆਂ ਖ਼ਿਲਾਫ਼ ਉੱਠੇ ਰੋਹ ’ਚ ਸ਼ਾਮਲ ਹੋਣ ਅਤੇ ਸਫ਼ਲ ਐਕਸ਼ਨ ਕਰਨ ਦੀ ਵਧਾਈ ਦਿੱਤੀ। ਕਿਸਾਨ ਆਗੂਆਂ ਧਰਮ ਸਿੰਘ ਸੂਜਾਪੁਰ, ਦਰਸ਼ਨ ਸਿੰਘ ਗਾਲਬ, ਤਰਸੇਮ ਸਿੰਘ ਬੱਸੂਵਾਲ ਨੇ ਸੰਬੋਧਨ ਕਰਦਿਆ ਕੇਂਦਰੀ ਹਕੂਮਤ ਖ਼ਿਲਾਫ਼ ਦਿੱਲੀ ਮੋਰਚੇ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ 9 ਜੂਨ ਨੂੰ ਜਗਰਾਉਂ ਮੋਰਚੇ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਨ ਮਨਾਇਆ ਜਾਵੇਗਾ।