ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਫਰਵਰੀ
ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਤੋਂ ਸਨਅਤੀ ਸ਼ਹਿਰ ਦੇ ਸਨਅਤਕਾਰ ਜ਼ਿਆਦਾ ਖੁਸ਼ ਨਜ਼ਰ ਨਹੀਂ ਆਏ। ਕਈ ਸਨਅਤਕਾਰਾਂ ਨੇ ਬਜਟ ਨੂੰ ਚੰਗਾ ਤੇ ਕਿਸੇ ਨੇ ਬਜਟ ਨੂੰ ਦਿਸ਼ਾਹੀਣ ਕਰਾਰ ਦਿੱਤਾ। ਸਨਅਤਕਾਰਾਂ ਮੁਤਾਬਕ ਸਿਰਫ ਐਮਐਸਐਮਈ ਸਨਅਤਾਂ ਦੀ ਕਰਜ਼ਾ ਗਾਰੰਟੀ ਅੱਗੇ ਵਧਾਉਣ ਤੋਂ ਇਲਾਵਾ ਬਜਟ ਵਿੱਚ ਸਨਅਤਾਂ ਲਈ ਕੁਝ ਨਹੀਂ ਮਿਲਿਆ। ਸਨਅਤਕਾਰਾਂ ਤੇ ਟੈਕਸ ਦੇਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਈ ਵੀ ਆਸ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੂਰੀ ਨਹੀਂ ਕੀਤੀ। ਇੰਨਾ ਜ਼ਰੂਰ ਹੈ ਕਿ ਐਮਐਸਐਮਈ ਸਨਅਤਾਂ ਲਈ ਕਰਜ਼ ਗਾਰੰਟੀ 2023 ਤੱਕ ਵਧਾ ਕੇ ਕੁੱਝ ਰਾਹਤ ਦਿੱਤੀ ਹੈ।
ਕਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਵਿੱਚ ਤੇ ਪੰਜ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵਿੱਤੀ ਸਾਲ 2022-23 ਲਈ ਬਜਟ ਪੇਸ਼ ਕੀਤਾ, ਜਿਸ ਵਿੱਚ ਉਨ੍ਹਾਂ ਨੇ ਐਮਐਸਐਮਈ ਵਪਾਰਾਂ ਨੂੰ ਅਪਲਿਫ਼ਟ ਕਰਨ ਦਾ ਕੰਮ ਕੀਤਾ ਹੈ। ਕਰੋਨਾ ਨਾਲ ਐਮਐਸਐਮਈ ਸਨਅਤਾਂ ਪਰੇਸ਼ਾਨ ਹੋ ਰਹੀਆਂ ਹਨ। ਉਸ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਵੱਡੀ ਯੋਜਨਾ ਤਿਆਰ ਕੀਤੀ ਹੈ ਜਿਸ ਲਈ ਕਰਜ਼ਾ ਗਰੰਟੀ ਯੋਜਨਾ ਮਾਰਚ 2023 ਤੱਕ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ ਤਹਿਤ ਇੱਕ ਕਰੋੜ 30 ਲੱਖ ਨੂੰ ਜ਼ਿਆਦਾ ਕਰਜ਼ਾ ਦਿੱਤਾ ਜਾਵੇਗਾ। ਬਜਟ ’ਚ ਪ੍ਰੋਡਕਸ਼ਨ ਲਿੰਕਡ ਇਸੈਂਟਿਵ ਸਕੀਮ ’ਤੇ ਵੀ ਸਰਕਾਰ ਦਾ ਫੋਕਸ ਹੈ। ਪ੍ਰੋਡਕਸ਼ਨ ਇੰਸੈਂਟਿਵ ਸਕੀਮ ਰਾਹੀਂ ਅਗਲੇ 5 ਸਾਲਾਂ ਦੌਰਾਨ 60 ਲੱਖ ਨਵੇਂ ਰੁਜ਼ਗਾਰ ਤੇ 30 ਲੱਖ ਕਰੋੜ ਤੋਂ ਜ਼ਿਆਦਾ ਉਤਪਾਦਨ ਦੀ ਸਮਰੱਥਾ ਰੱਖੀ ਗਈ ਹੈ। ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨਿਊਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਡੀਐਸ ਚਾਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਹਨ। ਇਸ ’ਚ ਸਟੀਲ ਦੇ ਭਾਅ ਨੂੰ ਕਾਬੂ ਕਰਨ ਲਈ ਸਭ ਤੋਂ ਵੱਡਾ ਕਦਮ ਚੁੱਕਿਆ ਗਿਆ ਹੈ। ਸਟੀਲ ਸਕਰੈਪ ’ਤੇ ਐਂਟੀ ਡੰਪਿੰਗ ਡਿਊਟੀ ਖਤਮ ਹੋ ਜਾਣ ’ਤੇ ਸਕਰੈਪ ਆਉਣ ਨਾਲ ਸੈਕੰਡਰੀ ਸਟੀਲ ਨਿਰਮਾਤਾ ਕੰਪਨੀਆਂ ਨੂੰ ਲਾਭ ਹੋਵੇਗਾ ਤੇ ਇਸ ਨਾਲ ਪੰਜਾਬ ਦੀ ਸਾਰੀ ਇੰਡਸਟਰੀ ਤੇਜ਼ੀ ਨਾਲ ਵਿਕਾਸ ਕਰੇਗੀ।
ਆਲ ਇੰਡਸਟਰੀ ਤੇ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਬਦੀਸ਼ ਜਿੰਦਲ ਨੇ ਕੇਂਦਰ ਸਰਕਾਰ ਦੇ ਲਈ ਬਜਟ ਨੂੰ ਦਿਸ਼ਾਹੀਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਨਅਤਾਂ ਲਈ ਚੰਗੇ ਫੈਸਲੇ ਤੇ ਰਾਹਤਾਂ ਦੇ ਮੁੱਦੇ ’ਤੇ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਦੂਜੇ ਪਾਸੇ ਸੀਏ ਨਿਤਿਨ ਮਹਾਜਨ ਮੁਤਾਬਕ ਟੈਕਸ ਧਾਰਕਾਂ ਲਈ ਇਸ ਬਜਟ ਵਿੱਚ ਕੁੱਝ ਖਾਸ ਨਹੀਂ ਰਿਹਾ। ਇਸ ਵਿੱਚ ਨਾ ਤਾਂ ਕੋਈ ਆਮ ਆਦਮੀ ਤੇ ਨਾ ਹੀ ਇੰਡਸਟਰੀ ਲਈ ਕੁੱਝ ਸੀ। ਇਸ ਸਾਲ ਸਰਕਾਰ ਕੋਲੋਂ ਕਾਫ਼ੀ ਉਮੀਦਾਂ ਸੀ, ਪਰ ਉਹ ਪੂਰੀਆਂ ਨਹੀਂ ਹੋ ਸਕੀਆਂ। ਉਨ੍ਹਾਂ ਮੁਤਾਬਕ 80 ਸੀ ਡਿਡੱਕਸ਼ਨ ਡੇਢ ਲੱਖ ਤੋਂ ਤਿੰਨ ਲੱਖ ਕਰਨ ਦੀ ਉਮੀਦ ਸੀ, ਜਿਸ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਮਿਲਣਾ ਸੀ, ਪਰ ਉਸ ਬਾਰੇ ਵੀ ਕੁੱਝ ਨਹੀਂ ਹੋਇਆ।
ਸਿਹਤ ਖੇਤਰ ਲਈ ਕੀਤੇ ਦਾਅਵਿਆਂ ਨੂੰ ਗਲਤ ਦੱਸਿਆ
ਲੁਧਿਆਣਾ (ਗੁਰਿੰਦਰ ਸਿੰਘ): ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਨੇ ਸਿਹਤ ਬਜਟ ਪੱਖੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤੇ ਗਏ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਹੈ। ਇੱਥੇ ਜਥੇਬੰਦੀ ਦੇ ਪ੍ਰਧਾਨ ਡਾ: ਐਸ ਐਸ ਸੂਦਨ, ਜਨਰਲ ਸਕੱਤਰ ਡਾ: ਸ਼ਕੀਲਉਰ ਰਹਿਮਾਨ ਅਤੇ ਸੀਨੀਅਰ ਉਪ ਪ੍ਰਧਾਨ ਡਾ: ਅਰੁਣ ਮਿੱਤਰਾ ਨੇ ਕੇਂਦਰੀ ਬਜਟ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਿਹਤ ਬਜਟ ਜੋ ਕਿ ਪਹਿਲਾਂ ਹੀ ਕੇਵਲ 2.04 ਫ਼ੀਸਦੀ ਸੀ ਦਾ ਕੁਲ ਬਜਟ ਵਧਾਉਣ ਬਾਰੇ ਇੱਕ ਵੀ ਸ਼ਬਦ ਇਸ ਬਜਟ ਵਿੱਚ ਨਹੀਂ ਕਿਹਾ ਗਿਆ। ਉਨ੍ਹਾਂ ਕਿਹਾ ਕਿ ਕੇਵਲ ਮਾਨਸਿਕ ਸਿਹਤ ਬਾਰੇ ਚਰਚਾ ਕੀਤੀ ਗਈ ਹੈ ਪਰ ਉਸ ਬਾਰੇ ਵੀ ਕਿੰਨਾ ਬਜਟ ਵਾਧੂ ਦਿੱਤਾ ਜਾਵੇਗਾ ਇਸ ਬਾਰੇ ਵੀ ਕੁਝ ਨਹੀਂ ਕਿਹਾ ਗਿਆ। ਉਨ੍ਹਾਂ ਕਿਹਾ ਕਿ ਟੀਕਾਕਰਨ ਬਾਰੇ ਜਿਹੜੀਆਂ ਮੱਲਾਂ ਮਾਰਨ ਦੀ ਗੱਲ ਕਹੀ ਗਈ ਹੈ ਉਹ ਕੇਵਲ ਭਾਰਤ ਵਿੱਚ ਨਹੀਂ ਬਲਕਿ ਦੁਨੀਆਂ ਦੇ ਅਨੇਕਾਂ ਦੇਸ਼ਾਂ ਨੇ ਆਬਾਦੀ ਦੇ ਅਨੁਪਾਤ ਮੁਤਾਬਕ ਸਾਡੇ ਨਾਲੋਂ ਵੀ ਵੱਧ ਟੀਕਾਕਰਨ ਕੀਤਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਭਾਰਤ ਜਨਤਕ ਸਿਹਤ ਸੇਵਾਵਾਂ ’ਤੇ ਖਰਚ ਕਰਨ ਵਾਲੇ ਸਭ ਤੋਂ ਘੱਟ ਖਰਚ ਕਰਨ ਵਾਲੇ ਪੰਜ ਦੇਸ਼ਾਂ ਵਿੱਚ ਆਉਂਦਾ ਹੈ। ਕੁਲ ਜੀਡੀਪੀ ਦਾ ਭਾਰਤ ਵਿੱਚ ਜਨਤਕ ਖ਼ਰਚ ਕੇਵਲ 1.02 ਫ਼ੀਸਦੀ ਹੈ ਜਦਕਿ ਇਸ ਦੀ ਲੋੜ ਘੱਟੋ ਘੱਟ 5 ਫ਼ੀਸਦੀ ਹੈ।