ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਗਸਤ
ਥਾਣਾ ਡਿਵੀਜ਼ਨ ਨੰਬਰ ਸੱਤ ਦੇ ਇਲਾਕੇ ਸਮਰਾਲਾ ਚੌਕ ਨੇੜੇ ਨਾਮਲੂਮ ਵਾਹਨ ਚਾਲਕ ਵੱਲੋਂ ਟੱਕਰ ਮਾਰੇ ਜਾਣ ਨਾਲ ਸੜਕ ਪਾਰ ਕਰਦਿਆਂ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਕੀਰਤੀ ਨਗਰ ਵਾਸੀ ਫੂਲ ਚੰਦ ਮਿਸ਼ਰਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲ ਕੇ ਟਿੱਬਾ ਰੋਡ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਗੁਰਦੁਆਰਾ ਨਾਨਕਸਰ ਸਮਰਾਲਾ ਚੌਕ ਸਾਹਮਣੇ 25-26 ਸਾਲ ਦਾ ਅਣਪਛਾਤਾ ਨੌਜਵਾਨ ਸੜਕ ਪਾਰ ਕਰਨ ਲੱਗਿਆ ਤਾਂ ਤੇਜ਼ ਰਫ਼ਤਾਰ ਵਾਹਨ ਚਾਲਕ ਨੇ ਉਸ ਵਿੱਚ ਟੱਕਰ ਮਾਰੀ, ਜਿਸ ਕਾਰਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣੇਦਾਰ ਪ੍ਰੇਮ ਚੰਦ ਨੇ ਦੱਸਿਆ ਕਿ ਵਾਹਨ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਪੋਸਟਮਾਰਟਮ ਮਗਰੋਂ ਸ਼ਨਾਖਤ ਲਈ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ।