ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਮਾਰਚ
ਲੰਮੇ ਸਮੇਂ ਤੋਂ ਉਸਾਰੀ ਅਧੀਨ ਪੱਖੋਵਾਲ ਰੋਡ ’ਤੇ ਬਣ ਰਹੇ ਰੇਲਵੇ ਅੰਡਰ ਬ੍ਰਿੱਜ ਭਾਗ-2 ਨੂੰ ਨਗਰ ਨਿਗਮ ਨੇ ਅਸਥਾਈ ਤੌਰ ’ਤੇ ਵਾਹਨਾਂ ਲਈ ਖੋਲ੍ਹ ਦਿੱਤਾ ਹੈ। ਹਾਲਾਂਕਿ ਇਸ ਆਰਯੂਬੀ ਦਾ ਕੰਮ ਹਾਲੇ ਵੀ ਪੂਰਾ ਨਹੀਂ ਹੋ ਸਕਿਆ ਹੈ, ਫਿਰ ਵੀ ਹੋਲੀ ’ਤੇ ਨਗਰ ਨਿਗਮ ਨੇ ਇਸ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ। ਅਜਿਹੇ ’ਚ ਕਿੰਨੇ ਦਿਨ ਤੱਕ ਇੱਥੋਂ ਵਾਹਨ ਲੰਘ ਪਾਉਂਦੇ ਹਨ। ਕਿਉਂਕਿ ਕੰਮ ਪੂਰਾ ਨਾ ਹੋਣ ਕਾਰਨ ਇਸਨੂੰ ਫਿਰ ਤੋਂ ਰੋਕਿਆ ਵੀ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਪੱਖੋਵਾਲ ਰੋਡ ’ਤੇ ਬਣ ਰਹੇ ਰੇਲਵੇ ਓਵਰ ਬ੍ਰਿੱਜ ਅਤੇ ਰੇਲਵੇ ਅੰਡਰ ਬ੍ਰਿੱਜ ਦੇ ਇੱਕ ਹਿੱਸੇ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਟਰਾਇਲ ਵਜੋਂ ਉਸ ਸਮੇਂ ਦੇ ਕੈਬਨਿਟ ਵਜ਼ੀਰ ਭਾਰਤ ਭੂਸ਼ਣ ਆਸ਼ੂ ਨੇ ਸ਼ਹਿਰ ਵਾਸੀਆਂ ਲਈ ਖੋਲ੍ਹਿਆ ਸੀ। ਉਸ ਸਮੇਂ 15 ਮਿੰਟ ਦੇ ਟਰਾਇਲ ਤੋਂ ਬਾਅਦ ਇਸਨੂੰ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਸੀ।
ਮੰਤਰੀ ਅਤੇ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ 26 ਜਨਵਰੀ ਤੱਕ ਇਸਨੂੰ ਪੂਰੀ ਤਰ੍ਹਾਂ ਤਿਆਰ ਕਰ ਖੋਲ੍ਹਿਆ ਜਾਵੇਗਾ। 26 ਜਨਵਰੀ ਲੰਘ ਗਈ ਤੇ ਹੁਣ ਹੋਲੀ ਆ ਗਈ, ਪਰ ਕੰਮ ਹਾਲੇ ਵੀ ਅਧੂਰਾ ਹੈ। ਦੱਸਣਯੋਗ ਹੈ ਕਿ ਰੇਲਵੇ ਓਵਰਬ੍ਰਿਜ ਤੇ ਰੇਲਵੇ ਅੰਡਰ ਬ੍ਰਿੱਜ ਪ੍ਰਾਜੈਕਟ ਦੀ ਡੈਡਲਾਈਨ ਕਈ ਵਾਰ ਪਾਰ ਹੋ ਚੁੱਕੀ ਹੈ। ਇਸਨੂੰ ਫਰਵਰੀ ’ਚ ਪੂਰਾ ਕਰਕੇ ਕੰਪਨੀ ਨੇ ਦੇਣਾ ਸੀ, ਜਿਸ ਹਿੱਸੇ ਨੂੰ ਛੇ ਮਹੀਨੇ ਪਹਿਲਾਂ ਬਣ ਕੇ ਤਿਆਰ ਹੋਣਾ ਚਾਹੀਦਾ ਸੀ, ਉਹ ਹਾਲੇ ਵੀ ਅਧੂਰਾ ਹੈ। ਪ੍ਰਾਜੈਕਟ ਦਾ ਕਰੀਬ 30 ਫੀਸਦੀ ਕੰਮ ਬਾਕੀ ਹੈ। ਨਗਰ ਨਿਗਮ ਨੇ ਆਰਓਬੀ-ਆਰਯੂਬੀ ਪ੍ਰਾਜੈਕਟ ਦੀ ਜ਼ਿੰਮੇਵਾਰੀ ਦੀਪਕ ਬਿਲਡਰ ਨੂੰ ਦਿੱਤੀ ਹੈ। ਆਰਯੂਬੀ ਭਾਗ-2 ਦੇ ਇੱਕ ਹਿੱਸੇ ’ਚ ਕੰਕਰੀਟ ਦੇ ਉਪਰ ਪਲਾਸਟਿਕ ਦੀ ਲੇਅਰ ਵਿਛਾ ਦਿੱਤੀ, ਪਰ ਦੂਸਰੇ ਹਿੱਸੇ ’ਚ ਹੁਣ ਵੀ ਪ੍ਰੀਮਿਕਸ ਨਹੀਂ ਪਾਈ ਗਈ। ਸ਼ੀਟ ਪਾ ਕੇ ਇਸਨੂੰ ਕਵਰ ਵੀ ਨਹੀਂ ਕੀਤਾ ਗਿਆ। ਵਾਟਰ ਰਿਚਾਰਜ ਵੈਲ ਵੀ ਤਿਆਰ ਨਹੀਂ ਹੈ। ਮੀਂਹ ’ਚ ਇਸ ਅੰਦਰ ਪਾਣੀ ਭਰ ਜਾਵੇਗਾ, ਜਿਸ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਇਸ ਆਰਯੂਬੀ ’ਤੇ ਰੇਲਵੇ ਆਪਣਾ ਕੰਮ ਪੂਰਾ ਕਰ ਚੁੱਕਿਆ ਹੈ, ਜੋ ਵੀ ਕੰਮ ਬਚਿਆ ਹੈ, ਉਹ ਨਗਰ ਨਿਗਮ ਦਾ ਹੈ।
ਜਦੋਂ ਕੰਪਨੀ ਕੰਮ ਸ਼ੁਰੂ ਕਰੇਗੀ ਤਾਂ ਟਰੈਫਿਕ ਰੋਕਾਂਗੇ: ਮੇਅਰ
ਮੇਅਰ ਬਲਕਾਰ ਸੰਧੂ ਦਾ ਕਹਿਣਾ ਹੈ ਕਿ ਪੱਖੋਵਾਲ ਰੋਡ ’ਤੇ ਟਰੈਫਿਕ ਜਾਮ ਹੋ ਰਿਹਾ ਸੀ। ਆਰਯੂਬੀ ਭਾਗ-2 ਲਗਪੱਗ ਤਿਆਰ ਹੈ। ਇਸ ਲਈ ਉਸਨੂੰ ਆਰਜ਼ੀ ਤੌਰ ’ਤੇ ਖੋਲ੍ਹਿਆ ਹੈ। ਜਦੋਂ ਕੰਪਨੀ ਇਸ ਹਿੱਸੇ ’ਤੇ ਬਚਿਆ ਕੰਮ ਸ਼ੁਰੂ ਕਰੇਗੀ ਤਾਂ ਇਸਨੂੰ ਦੁਬਾਰਾ ਟਰੈਫਿਕ ਲਈ ਬੰਦ ਕਰ ਦੇਵਾਂਗੇ।
ਫਿਰੋਜ਼ਪੁਰ ਰੋਡ ਤੋਂ ਸਰਾਭਾ ਨਗਰ ਪੁੱਜਣ ’ਚ ਲੱਗਣਗੇ ਤਿੰਨ ਤੋਂ ਚਾਰ ਮਿੰਟ
ਪੱਖੋਵਾਲ ਰੋਡ ਦੇ ਵੱਲੋਂ ਸਰਾਭਾ ਨਗਰ ਤੇ ਫਿਰੋਜ਼ਪੁਰ ਰੋਡ ਵੱਲ ਜਾਣ ਵਾਲਿਆਂ ਨੂੰ ਹੁਣ ਮਾਡਲ ਟਾਊਨ ਐਕਸਟੈਨਸ਼ਨ ਵੱਲੋਂ ਘੁੰਮ ਕੇ ਨਹੀਂ ਜਾਣਾ ਪਵੇਗਾ। ਮਾਡਲ ਟਾਊਨ ਐਕਸਟੈਨਸ਼ਨ ਦੇ ਰੇਲਵੇ ਫਾਟਕ ’ਤੇ ਵੀ ਉਡੀਕ ਨਹੀਂ ਕਰਨਾ ਪੈ ਰਿਹਾ ਹੈ। ਸਰਾਭਾ ਨਗਰ ਜਾਣ ਲਈ ਸਿਰਫ਼ ਡੇਢ ਕਿਲੋਮੀਟਰ ਦਾ ਸਫ਼ਰ ਕਰਨਾ ਹੈ। ਇਸ ’ਚ ਸਿਰਫ਼ ਤਿੰਨ ਤੋਂ ਚਾਰ ਮਿੰਟ ਲੱਗ ਰਹੇ ਹਨ।