ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 7 ਅਗਸਤ
ਜਗਰਾਉਂ ਪੁਲੀਸ ਨੇ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਤੋਂ ਗੈਂਗਸਟਰ ‘ਸੁੱਖਾ ਫਰੀਦਕੋਟ’ ਦੇ ਨਾਂ ’ਤੇ 5 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਸੁਲਝਾਅ ਲਿਆ ਹੈ। ਇਸ ਮਾਮਲੇ ’ਚ ਪੁਲੀਸ ਨੇ ਆਪਸ ’ਚ ਰਿਸ਼ਤੇਦਾਰ ਮਾਮਾ-ਭਾਣਜਾ ਦੋ ਮੁਲਜ਼ਮਾਂ ਨੂੰ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਅਤੇ ਡੀ.ਐੱਸ.ਪੀ. ਅਰਸ਼ਦੀਪ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਦਰਪਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਚੰਦਰ ਵਿਹਾਰ ਨਵੀਂ ਦਿੱਲੀ ਨੇ ਆਪਣੇ ਭਾਣਜੇ ਗੁਰਚਰਨ ਸਿੰਘ ਪੁੱਤਰ ਕੁਲਤਾਰ ਸਿੰਘ ਵਾਸੀ ਅਗਵਾੜ ਖੁਆਜਾ ਬਾਜ਼ੂ ਜਗਰਾਉਂ ਨਾਲ ਹਮ-ਮਸ਼ਵਰਾ ਹੋ ਕੇ ਫਿਰੌਤੀ ਦੀ ਯੋਜਨਾ ਘੜੀ। ਦੋਵਾਂ ਨੇ ਡਾ. ਅਮਿਤ ਚੱਕਰਬਰਤੀ ਨੂੰ ਫੋਨ ਕੀਤਾ ਅਤੇ ‘ਸੁੱਖਾ ਫਰੀਦਕੋਟ’ ਦੇ ਨਾਮ ’ਤੇ ਲੱਖਾਂ ਦੀ ਮੰਗ ਕੀਤੀ। ਡਾਕਟਰ ਨੇ ਸਾਰੀ ਗੱਲ ਪੁਲੀਸ ਅਧਿਕਾਰੀਆਂ ਦੇ ਧਿਆਨ ’ਚ ਲਿਆਂਦੀ। ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਾਕਟਰ ਨਾਲ ਰਾਬਤਾ ਕਰ ਖੰਡ ਮਿੱਲ ਨੇੜੇ ਪੈਸੇ ਲੈਣ ਲਈ ਸੱਦਿਆ ਅਤੇ ਕਾਬੂ ਕਰ ਲਿਆ। ਇਹ ਦੋਵੇਂ ਮੋਟਰਸਾਈਕਲ ਨੰਬਰ ਦੀ.ਐੱਲ ਏ.ਜ਼ੈੱਡ. 1653 ’ਤੇ ਸਵਾਰ ਸਨ। ਇਸ ਸਬੰਧੀ ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ 9 ਅਗਸਤ ਤੱਕ ਰਿਮਾਂਡ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਜਗਰਾਉਂ ’ਚ ਇਸ ਤੋਂ ਪਹਿਲਾਂ ‘ਸੁੱਖਾ ਫਰੀਦਕੋਟ’ ਦੇ ਨਾਮ ’ਤੇ ਫਿਰੌਤੀਆਂ ਵੀ ਇਨ੍ਹਾਂ ਨੇ ਹੀ ਮੰਗੀਆਂ ਸਨ।