ਸਤਵਿੰਦਰ ਬਸਰਾ
ਲੁਧਿਆਣਾ, 7 ਅਗਸਤ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕੋਈ ਅਜਿਹੀ ਥਾਂ ਨਹੀਂ, ਜਿੱਥੇ ਲਾਵਾਰਿਸ ਪਸ਼ੂ ਘੁੰਮਦੇ ਦਿਖਾਈ ਨਾ ਦੇਣ। ਸੜਕਾਂ ਅਤੇ ਚੌਕਾਂ ’ਤੇ ਬੈਠੇ ਪਸ਼ੂ ਰਾਤ ਵੇਲੇ ਦਿਖਾਈ ਨਾ ਦੇਣ ਕਰਕੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਇਹ ਪਸ਼ੂ ਜਿੱਥੇ ਸੜਕਾਂ ਕਿਨਾਰੇ ਲਾਏ ਬੂਟਿਆਂ ਦਾ ਨੁਕਸਾਨ ਕਰ ਰਹੇ ਹਨ ਉੱਥੇ ਆਵਾਜਾਈ ਵਿੱਚ ਵੀ ਵਿਘਨ ਪਾਉਂਦੇ ਹਨ। ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਝੁੰਡਾਂ ਦੇ ਰੂਪ ਵਿੱਚ ਘੁੰਮਦੇ ਲਾਵਾਰਿਸ ਪਸ਼ੂ ਰਾਹਗੀਰਾਂ ਲਈ ਮੁਸੀਬਤ ਬਣੇ ਹੋਏ ਹਨ। ਅੱਜ ਸਵੇਰੇ ਲਾਵਾਰਸ ਪਸ਼ੂ ਜਮਾਲਪੁਰ ਲਾਈਟਾਂ ਵਾਲੇ ਚੌਕ ’ਚ ਪੁਲੀਸ ਮੁਲਾਜ਼ਮ ਦੇ ਖੜ੍ਹੇ ਹੋਣ ਵਾਲੀ ਥਾਂ ਦੇ ਬਿਲਕੁਲ ਨੇੜੇ ਘੁੰਮਦੇ ਦੇਖੇ ਗਏ। ਹਾਦਸੇ ਦੇ ਡਰੋਂ ਕਈ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਆਪਣਾ ਰਸਤਾ ਬਦਲ ਕੇ ਇੱਥੋਂ ਲੰਘਣਾ ਪਿਆ। ਇਹੋ ਹੀ ਹਾਲ ਸਮਰਾਲਾ ਚੌਕ ਨੇੜਲੀਆਂ ਸੜਕਾਂ, ਚੀਮਾ ਚੌਕ, ਜਲੰਧਰ ਬਾਈਪਾਸ ਚੌਕ, ਵਰਧਮਾਨ ਰੋਡ, ਟਿੱਬਾ ਰੋਡ, ਹੈਬੋਵਾਲ, ਫਿਰੋਜ਼ਪੁਰ ਰੋਡ, ਲੁਧਿਆਣਾ-ਦਿੱਲੀ ਮਾਰਗ ਅਤੇ ਆਸ-ਪਾਸ ਦੇ ਮੁਹੱਲਿਆਂ ਦਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ।