ਸਤਵਿੰਦਰ ਬਸਰਾ
ਲੁਧਿਆਣਾ, 2 ਮਾਰਚ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਮੁੱਖ ਸਰਪ੍ਰਸਤੀ ਤੇ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਸਰਪ੍ਰਸਤੀ ਹੇਠ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ ਦੇ ਉੱਦਮ ਤੇ ਅਗਵਾਈ ਹੇਠ ਕਰਵਾਏ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦੀ 45 ਵੀਂ ਬਰਸੀ ਮੌਕੇ ਵਿਸ਼ਾਲ ਦੇਸ਼ ਭਗਤ ਮੇਲੇ ਵਿੱਚ ਬੁਲਾਰਿਆ ਨੇ ਯੂਕਰੇਨ ਜੰਗ ਬੰਦ ਕਰਨ ਦਾ ਹੋਕਾ ਦਿੱਤਾ। ਸਭ ਤੋਂ ਪਹਿਲਾਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਦੇ ਕਾਫ਼ਲੇ ਨੇ ਬਾਬਾ ਗੁਰਮੁਖ ਸਿੰਘ ਦੇ ਬੁੱਤ ਨੂੰ ਹਾਰ ਪਾਏ ਅਤੇ ਗਦਰੀ ਸ਼ਹੀਦਾਂ ਦੇ ਮਿਸ਼ਨ ਬਾਰੇ ਨਾਅਰੇ ਬੁਲੰਦ ਕਰ ਕੇ ਸ਼ਰਧਾਂਜਲੀ ਦਿੱਤੀ । ਇਸ ਉਪਰੰਤ ਪ੍ਰਧਾਨਗੀ ਮੰਡਲ ਵਿੱਚ ਰਣਜੀਤ ਸਿੰਘ ਔਲਖ , ਐਡਵੋਕੇਟ ਕੁਲਦੀਪ ਸਿੰਘ, ਉਜਾਗਰ ਸਿੰਘ ਬੱਦੋਵਾਲ, ਜਸਬੀਰ ਕੌਰ ਜੋਧਾਂ, ਜਸਦੇਵ ਸਿੰਘ ਲਲਤੋਂ ਸੁਸ਼ੋਭਿਤ ਹੋਏ। ਸੱਭਿਆਚਾਰਕ ਸੈਸ਼ਨ ਦੌਰਾਨ ਲੇਖਕ ਅਮਰੀਕ ਸਿੰਘ ਤਲਵੰਡੀ, ਨਗਿੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਅਤੇ ਸਰਕਾਰੀ ਮਿਡਲ ਸਕੂਲ ਲਲਤੋਂ ਖੁਰਦ ਸਮੇਤ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਲੋਕ ਪੱਖੀ ਤੇ ਕ੍ਰਾਂਤੀਕਾਰੀ ਗੀਤ, ਕਵਿਤਾਵਾਂ ਪੇਸ਼ ਕਰਕੇ ਸੰਜੀਦਾ ਮਾਹੌਲ ਸਿਰਜਿਆ। ਇਨਕਲਾਬੀ ਕਵੀਸ਼ਰੀ ਜਥਾ (ਰਸੁੂਲਪੁਰ) ਦੇ ਕਵੀਸ਼ਰਾਂ ਨੇ ਕਿਰਤੀ ਲੋਕਾਂ ਦੇ ਦੁੱਖਾਂ -ਦਰਦਾਂ ਦੇ ਮਿਹਨਤਕਸ਼ਾਂ ਦੇ ਮੁਕਤੀ ਮਾਰਗ ਵਾਲੀ ਕਵੀਸ਼ਰੀ ਦਾ ਇਨਕਲਾਬੀ ਰੰਗ ਬੰਨ੍ਹਿਆ। ਮੇਲੇ ਵਿੱਚ ਕਲਾਕਾਰ ਅਮਨ (ਰਸੂਲਪੁਰ) ਨੇ ਮਹਾਨ ਕਿਸਾਨ ਅੰਦੋਲਨ ਬਾਰੇ ‘ਅੰਦੋਲਨ ਜੀਵੀ’ ਅਤੇ ਨਸ਼ਿਆਂ ਬਾਰੇ ਚੋਟੀ ਦੇ ਨਾਟਕਾਂ ਦਾ ਮੰਚਨ ਕਰ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਮੇਲੇ ਦੌਰਾਨ ਬੁਲਾਰਿਆਂ ਨੇ ਯੂਕਰੇਨ ਜੰਗ ਦੇ ਘਾਤਕ ਅਸਰਾਂ ਬਾਰੇ ਅਤੇ ਫੌਰੀ ਜੰਗਬੰਦੀ ਤੇ ਆਪਸੀ ਵਾਰਤਾਲਾਪ ਰਾਹੀਂ ਅਮਨ ਤੇ ਸਦਭਾਵਨਾ ਦੀ ਬਹਾਲੀ ਬਾਰੇ, ਗ਼ਦਰ ਪਾਰਟੀ ਦੇ ਉੱਚੇ ਸੁੱਚੇ ਮਿਸ਼ਨ ਤੇ ਅਧੂਰੇ ਕਾਰਜਾਂ ਬਾਰੇ, ਮੁਸਲਮਾਨ ਵਿਦਿਆਰਥਣਾਂ ਵੱਲੋਂ ਹਿਜਾਬ ਪਹਿਨਣ ਸਮੇਤ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਬਾਰੇ , ਸੰਯੁਕਤ ਕਿਸਾਨ ਮੋਰਚਾ ਭਾਰਤ( ਦਿੱਲੀ) ਦੇ 9 ਅਹਿਮ ਮੰਗਾਂ ਸਬੰਧੀ 31 ਜਨਵਰੀ ਤੋਂ ਚਾਲੂ ਦੂਜੇ ਦੌਰ ਬਾਰੇ ਗੰਭੀਰ , ਡੂੰਘੇ ਤੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ। ਮੇਲੇ ਵਿੱਚ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਚੌਕੀਮਾਨ ਟੌਲ) ਦੇ ਵੱਡੇ ਕਾਫ਼ਲੇ ਨੇ ਜੋਸ਼ -ਖ਼ਰੋਸ਼ ਨਾਲ ਸ਼ਮੂਲੀਅਤ ਕੀਤੀ।