ਗਗਨਦੀਪ ਅਰੋੜਾ
ਲੁਧਿਆਣਾ, 16 ਮਾਰਚ
ਕੇਂਦਰ ਸਰਕਾਰ ਵੱਲੋਂ ਬੈਂਕਾਂ ਦੇ ਨਿੱਜੀਕਰਨ ਦੇ ਖਿਲਾਫ਼ ਮੰਗਲਵਾਰ ਦੂਸਰੇ ਦਿਨ ਵੀ ਸਰਕਾਰੀ ਬੈਂਕ ਦੇ ਮੁਲਾਜ਼ਮ ਹੜਤਾਲ ’ਤੇ ਰਹੇ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੀ ਅਗਵਾਈ ’ਚ ਫੁਹਾਰਾ ਚੌਕ ’ਤੇ ਐਸਬੀਆਈ ਬੈਂਕ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਨੇ ਬੈਂਕਾਂ ਦੇ ਨਿੱਜੀਕਰਨ ਖਿਲਾਫ਼ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਸਾਫ਼ ਕਿਹਾ ਕਿ ਉਹ ਸਰਕਾਰੀ ਬੈਂਕਾਂ ਨੂੰ ਖਤਮ ਕਰਨਾ ਬੰਦ ਕਰੇ, ਨਹੀਂ ਤਾਂ ਬੈਂਕ ਮੁਲਾਜ਼ਮ ਇੱਕ ਸਟੇਜ ’ਤੇ ਇਕੱਠੇ ਹੋ ਕੇ ਸੰਘਰਸ਼ ਕਰਨਗੇ। ਦੋ ਦਿਨ ਦੀ ਹੜਤਾਲ ਦੇ ਚੱਲਦੇ ਕਰੀਬ 2 ਹਜ਼ਾਰ ਕਰੋੜ ਦੀ ਟ੍ਰਾਂਜੈਕਸ਼ਨ ਪ੍ਰਭਾਵਿਤ ਹੋਈ ਹੈ। ਇਸੇ ਦੌਰਾਨ ਪ੍ਰਾਈਵੇਟ ਬੈਂਕ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਰਹੇ, ਉਥੇ ਕੰਮਕਾਜ ਚੱਲਦਾ ਰਿਹਾ। ਫੋਰਮ ਦੇ ਨਰੇਸ਼ ਕੁਮਾਰ ਗੌਡ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਰਕਾਰੀ ਬੈਂਕਾਂ ਨੇ ਹਰ ਖੇਤਰ ’ਚ ਅਹਿਮ ਭੂਮਿਕਾ ਨਿਭਾਈ ਹੈ। ਉਹ ਸਿੱਧੇ ਤੌਰ ’ਤੇ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਸੱਤਾ ’ਚ ਆਉਣ ਤੋਂ ਪਹਿਲਾਂ ਭਾਜਪਾ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਸੀ, ਪਰ ਹੁਣ ਨਿੱਜੀਕਰਨ ਦੀ ਨੀਤੀ ਉਨ੍ਹਾਂ ਦੇ ਚਿਹਰੇ ਦਾ ਨਕਾਬ ਹਟਾ ਰਹੀ ਹੈ, ਪਰ ਉਹ ਕਿਸੇ ਵੀ ਕੀਮਤ ’ਤੇ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ।
ਗੁਰੂਸਰ ਸੁਧਾਰ (ਪੱਤਰ ਪੇ੍ਰਕ): ਵੱਖ ਵੱਖ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਹੜਤਾਲ ਦੇ ਦੂਜੇ ਦਿਨ ਵੀ ਬੈਂਕਾਂ ਦੇ ਬਾਹਰ ਤਾਲੇ ਲਟਕਦੇ ਰਹੇ। ਜ਼ਿਆਦਾਤਰ ਬੈਂਕਾਂ ਦੇ ਏਟੀਐੱਮ ਦੂਜੇ ਦਿਨ ਵੀ ਨਹੀਂ ਖੁੱਲ੍ਹ ਸਕੇ, ਜਿਹੜੇ ਖੋਲ੍ਹੇ ਵੀ ਗਏ ਉਹ ਨਕਦੀ ਨਾ ਹੋਣ ਕਾਰਨ ਸੇਵਾਵਾਂ ਨਾ ਦੇ ਸਕੇ, ਜਿਸ ਕਾਰਨ ਨਕਦੀ ਦਾ ਲੈਣ ਦੇਣ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਭਾਰਤੀ ਸਟੇਟ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਨੈਸ਼ਨਲ ਬੈਂਕ ਸਮੇਤ ਜਨਤਕ ਖੇਤਰ ਦੀਆਂ ਹੋਰ ਬੈਂਕਾਂ ਵੀ ਬੰਦ ਰਹੀਆਂ। ਮੁੱਲਾਂਪੁਰ-ਦਾਖਾ, ਗੁਰੂਸਰ ਸੁਧਾਰ, ਪੱਖੋਵਾਲ, ਜੋਧਾਂ, ਕਿਲਾ ਰਾਏਪੁਰ, ਪਿੰਡ ਹੇਰਾਂ, ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ, ਪਿੰਡ ਹਲਵਾਰਾ, ਐਤੀਆਣਾ, ਮੋਹੀ ਸਮੇਤ ਇਲਾਕੇ ਦੇ ਪੇਂਡੂ ਖੇਤਰ ਦੀਆਂ ਸਮੁੱਚੀਆਂ ਬਰਾਂਚਾਂ ਦੂਜੇ ਦਿਨ ਵੀ ਬੰਦ ਰਹੀਆਂ।