ਪੱਤਰ ਪ੍ਰੇਰਕ
ਜਗਰਾਉਂ, 10 ਸਤੰਬਰ
ਇਥੇ ਐਂਟੀਨਾਰਕੋਟਿਕ ਸੈੱਲ ਨੇ ਇੱਕ ਕਿੱਲੋ ਅਫੀਮ ਸਣੇ ਦੋ ਤਸਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਅਫੀਮ ਵੇਚਣ ਲਈ ਜ਼ਿਲ੍ਹੇ ’ਚ ਘੁੰਮ ਰਹੇ ਸਨ। ਮਾਮਲੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਦਿਆਂ ਅਪਰੇਸ਼ਨ ਅਧਿਕਾਰੀ ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਪਿੰਡ ਮਲਕ ਦੇ ਬੱਸ ਸਟੈਂਡ ’ਤੇ ਖਾਸ ਸੂਹੀਏ ਨੇ ਸੂਚਨਾ ਦਿੱਤੀ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ’ਚ ਅਫੀਮ ਵੇਚਣ ਦਾ ਧੰਦਾ ਕਰਦੇ ਦੋ ਰਾਜਸਥਾਨੀ ਆਪਣੀ ਬਲੈਰੋ ਗੱਡੀ ਨੰਬਰ ਆਰ.ਜੇ 51 ਟੀ.ਏ.0152 ਰਾਹੀਂ ਅਫੀਮ ਦੀ ਖੇਪ ਲੈ ਕੇ ਗਾਹਕਾਂ ਨੂੰ ਵੇਚਣ ਲਈ ਘੁੰਮ ਰਹੇ ਹਨ। ਮਿਲੀ ਸੂਚਨਾਂ ਦੇ ਅਧਾਰ ’ਤੇ ਪੁਲੀਸ ਨੇ ਨਾਕਾ ਲਗਾਇਆ ਅਤੇ ਉਕਤ ਨੰਬਰੀ ਬਲੈਰੋ ਨੂੰ ਰੋਕਿਆ। ਉਸ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਰਾਜਿੰਦਰਾ ਪ੍ਰਸਾਦ ਖਾਟੀ ਵਾਸੀ ਪੜਾਗਾ ਬੰਦਨਵਾੜਾ ਅਤੇ ਨਾਰਾਇਣ ਵਾਸੀ ਕਰਾਟੀ ਬੰਦਨਵਾੜਾ ਭਿਨਾਈ (ਅਜਮੇਰ ਰਾਜਿਸਥਾਨ) ਵੱਜੋਂ ਹੋਈ।