ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਜੁਲਾਈ
ਵੱਖ-ਵੱਖ ਥਾਵਾਂ ਤੋਂ ਵਿਆਹ ਦਾ ਝਾਂਸਾ ਦੇ ਕੇ ਦੋ ਲੜਕੀਆਂ ਨੂੰ ਵਰਗਲਾ ਕੇ ਲੈ ਗਏ ਹਨ। ਥਾਣਾ ਡਵੀਜ਼ਨ ਨੰਬਰ 4 ਦੀ ਪੁਲੀਸ ਨੂੰ ਪਿੱਪਲ ਚੌਕ ਛਾਉਣੀ ਮੁਹੱਲਾ ਨੇੜੇ ਰਹਿੰਦੇ ਮੁਹੰਮਦ ਤਾਹਿਰ ਅਨਸਾਰੀ ਨੇ ਦੱਸਿਆ ਹੈ ਕਿ ਉਸ ਦੀ ਵੱਡੀ ਲੜਕੀ ਸਾਇਰਾ ਖਾਤੂਨ (15) ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਦੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲੀ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੀ ਲੜਕੀ ਨੂੰ ਲੰਬੂ ਨਾਮ ਦਾ ਨੌਜਵਾਨ, ਉਨ੍ਹਾਂ ਦੇ ਵਿਹੜੇ ਵਿੱਚ ਰਹਿੰਦੀ ਨਾਮਲੂਮ ਔਰਤ ਅਤੇ ਉਸਦੇ ਪਤੀ ਨੇ ਲੁਕਾਕੇ ਰੱਖਿਆ ਹੋਇਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਸਾਇਆ ਕਲਾਂ ਵਾਸੀ ਰਾਮਦੀਪ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਹਰਮਨਪ੍ਰੀਤ ਕੌਰ (17) ਦੁਪਹਿਰ ਸਮੇਂ ਆਪਣੀ ਮਾਤਾ ਸਵਰਨਜੀਤ ਕੌਰ ਨੂੰ ਇਹ ਕਹਿ ਕਿ ਘਰੋਂ ਗਈ ਕਿ ਉਹ ਆਪਣੀਆਂ ਸਹੇਲੀਆਂ ਨਾਲ ਜੀਐਨਈ ਕਾਲਜ ਜਾ ਰਹੀ ਹੈ। ਪਰ ਉਹ ਘਰ ਵਾਪਿਸ ਨਹੀਂ ਆਈ। ਉਸ ਦੀ ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਲੜਕੀ ਨੂੰ ਜਸਵੀਰ ਸਿੰਘ ਪੁੱਤਰ ਜੰਗ ਸਿੰਘ ਵਾਸੀ ਪਿੰਡ ਕੁੱਤਬਾ ਬਰਨਾਲਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਧਰੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।