ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਸਤੰਬਰ
ਵੱਖ-ਵੱਖ ਇਲਾਕਿਆਂ ਵਿੱਚ ਦੋ ਲੜਕੀਆਂ ਦੇ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪਿੰਡ ਖਵਾਜਕੇ ਰਾਹੋਂ ਰੋਡ ਵਾਸੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ (17) ਕਿਤਾਬਾਂ ਲੈਣ ਲਈ ਪਿੰਡ ਮੇਹਰਬਾਨ ਗਈ ਸੀ ਪਰ ਘਰ ਨਹੀਂ ਪਰਤੀ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਲੜਕੀ ਨੂੰ ਨਿੱਜੀ ਸੁਆਰਥ ਲਈ ਕਿਧਰੇ ਲੁਕੋ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੀ ਪੁਲੀਸ ਨੂੰ ਨਿਧਾਨ ਸਿੰਘ ਨਗਰ ਵਾਸੀ ਸੰਦੀਪ ਸਿੰਘ ਦੀ ਪਤਨੀ ਪ੍ਰੀਤੀ ਦੇਵੀ ਨੇ ਦੱਸਿਆ ਕਿ ਉਸਦੀ ਭੈਣ ਸ਼ਾਲਿਨੀ (18) ਪਿਛਲੇ ਕੁੱਝ ਸਮੇਂ ਤੋਂ ਹਰਦੋਈ (ਉੱਤਰ ਪ੍ਰਦੇਸ਼) ਤੋਂ ਆ ਕੇ ਉਨ੍ਹਾਂ ਕੋਲ ਰਹਿ ਰਹੀ ਸੀ। ਪਿਛਲੇ ਦਿਨੀਂ ਉਹ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।