ਇੱਕ ਹੀ ਰੋਲ ਨੰਬਰ ’ਤੇ ਈਟੀਟੀ ਪ੍ਰੀਖਿਆ ਦੇਣ ਪੁੱਜੀਆਂ ਦੋ ਲੜਕੀਆਂ

ਇੱਕ ਹੀ ਰੋਲ ਨੰਬਰ ’ਤੇ ਈਟੀਟੀ ਪ੍ਰੀਖਿਆ ਦੇਣ ਪੁੱਜੀਆਂ ਦੋ ਲੜਕੀਆਂ

ਪ੍ਰੀਖਿਆ ’ਚ ਜਾਣ ਤੋਂ ਪਹਿਲਾਂ ਜੈਕੇਟ ਉਤਾਰਦੇ ਹੋਏ ਵਿਦਿਆਰਥੀ। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ

ਲੁਧਿਆਣਾ, 29 ਨਵੰਬਰ

ਲੁਧਿਆਣਾ ਦੇ 11 ਪ੍ਰੀਖਿਆ ਸੈਂਟਰਾਂ ਵਿੱਚ ਅੱਜ ਈਟੀਟੀ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸ ਦੌਰਾਨ ਇੱਕ ਸੈਂਟਰ ਵਿੱਚ ਇੱਕ ਹੀ ਰੋਲ ਨੰਬਰ ’ਤੇ ਪਹੁੰਚੇ ਦੋ ਪ੍ਰੀਖਿਆਰਥੀਆਂ ਵਿੱਚੋਂ ਇੱਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਈਟੀਟੀ ਦੀ ਪ੍ਰੀਖਿਆ ਲਈ ਅੱਜ ਜ਼ਿਲ੍ਹੇ ਦੀਆਂ ਵੱਖ ਵੱਖ ਗਿਆਰਾਂ ਸਿੱਖਿਆ ਸੰਸਥਾਵਾਂ ਵਿੱਚ ਸੈਂਟਰ ਬਣਾਏ ਗਏ ਸਨ। ਜ਼ਿਲ੍ਹੇ ਵਿੱਚ ਕੁੱਲ 3629 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ 3238 ਪ੍ਰੀਖਿਆ ਦੇਣ ਪਹੁੰਚੇ। ਇਸ ਦੌਰਾਨ ਸਥਾਨਕ ਮੈਰੀਟੋਰੀਅਸ ਸਕੂਲ ਵਿੱਚ ਜਲਾਲਾਬਾਦ ਤੋਂ ਦੋ ਲੜਕੀਆਂ ਇੱਕ ਹੀ ਰੋਲ ਨੰਬਰ ’ਤੇ ਪ੍ਰੀਖਿਆ ਦੇਣ ਪਹੁੰਚੀਆਂ ਹੋਈਆਂ ਸਨ। ਸਿੱਖਿਆ ਅਧਿਕਾਰੀ ਦੇ ਦਖ਼ਲ ਨਾਲ ਦੋਵਾਂ ਪ੍ਰੀਖਿਆਰਥੀਆਂ ਦਾ ਪੇਪਰ ਲਿਆ ਗਿਆ ਅਤੇ ਮਗਰੋਂ ਕਥਿਤ ਫਰਜ਼ੀ ਰੋਲ ਨੰਬਰ ’ਤੇ ਪ੍ਰੀਖਿਆ ਦੇਣ ਵਾਲੀ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਪੁਸ਼ਟੀ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਕਰਨਲ ਅਮਰਜੀਤ ਸਿੰਘ ਅਤੇ ਡਿਪਟੀ ਡੀਈਓ ਡਾ. ਚਰਨਜੀਤ ਸਿੰਘ ਨੇ ਵੀ ਕੀਤੀ ਹੈ।

ਕੈਟ ਦੀ ਪ੍ਰੀਖਿਆ ਤੋਂ ਪਹਿਲਾਂ ਉਮੀਦਵਾਰਾਂ ਦੀਆਂ ਜੈਕੇਟਾਂ ਉਤਾਰੀਆਂ

ਲੁਧਿਆਣਾ ਦੇ ਥਰੀਕੇ ਪਿੰਡ ਵਿੱਚ ਬਣੇ ਸੈਂਟਰ ਵਿੱਚ 700 ਵਿੱਚੋਂ 600 ਪ੍ਰੀਖਿਆਰਥੀਆਂ ਨੇ ਕਾਮਨ ਅਡਮੀਸ਼ਨ ਟੈਸਟ (ਕੈਟ) ਦੀ ਪ੍ਰੀਖਿਆ ਦਿੱਤੀ, ਜੋ ਦੋ ਦੀ ਥਾਂ ਤਿੰਨ ਸ਼ਿਫਟਾਂ ਵਿੱਚ ਹੋਈ। ਪ੍ਰੀਖਿਆ ਦਾ ਸਮਾਂ ਵੀ ਤਿੰਨ ਘੰਟੇ ਦੀ ਥਾਂ ਦੋ ਘੰਟੇ ਦਾ ਕੀਤਾ ਗਿਆ ਸੀ। ਪ੍ਰੀਖਿਆ ਦੇਣ ਲਈ ਲੁਧਿਆਣਾ ਵਿੱਚ ਇਕਲੌਤੇ ਉਕਤ ਸੈਂਟਰ ਵਿੱਚ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਨੂੰ ਠੰਢ ਦੇ ਬਾਵਜੂਦ ਜੈਕੇਟਾਂ ਅਤੇ ਜੁੱਤੀਆਂ ਲਾਹ ਕਿ ਪ੍ਰੀਖਿਆ ਸੈਂਟਰ ਵਿੱਚ ਦਾਖ਼ਲ ਹੋਣ ਦਿੱਤਾ ਗਿਆ। ਇਸ ਪਿੱਛੇ ਵੱਡਾ ਕਰਨ ਕੋਵਿਡ-19 ਦੱਸਿਆ ਜਾ ਰਿਹਾ ਸੀ। ਆਈਐੱਮਐੱਸ ਦੇ ਡਾਇਰੈਕਟਰ ਮੁਨੀਸ਼ ਕੁਮਾਰ ਨੇ ਕਿਹਾ ਕਿ ਇਸ ਵਾਰ ਪ੍ਰੀਖਿਆ ਥੋੜ੍ਹੀ ਮੁਸ਼ਕਲ ਸੀ। ਪ੍ਰੀਖਿਆ ਦਾ ਸਮਾਂ ਘੱਟ ਹੋਣ ਕਰਕੇ ਵੀ ਵਿਦਿਆਰਥੀਆਂ ਨੂੰ ਕੁੱਝ ਮੁਸ਼ਕਲ ਆਈਆਂ ਹਨ। ਇਹ ਪ੍ਰੀਖਿਆ ਆਈਆਈਐੱਮ ਵੱਲੋਂ ਹਰ ਸਾਲ ਐੱਮਬੀਏ ਵਿੱਚ ਦਾਖ਼ਲੇ ਲਈ ਕਰਵਾਈ ਜਾਂਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All