ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਨਵੰਬਰ
ਸਥਾਨਕ ਜੀਆਰਪੀ ਥਾਣੇ ਨੇ ਦੋ ਨਸ਼ਾ ਤਸਕਰਾਂ ਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਹੈ। ਮੁਲਜ਼ਮ ਨਸ਼ੇ ਦੀ ਡਲਿਵਰੀ ਕਰਨ ਲਈ ਵਿਅਕਤੀ ਦੀ ਉਡੀਕ ਕਰ ਰਹੇ ਸਨ। ਕਰੀਬ ਦੋ ਤੋਂ ਤਿੰਨ ਘੰਟੇ ਸਟੇਸ਼ਨ ’ਤੇ ਔਰਤ ਤੇ ਉਸ ਦਾ ਸਾਥੀ ਘੁੰਮਦੇ ਦੇਖ ਐਸਆਈ ਸੁਖਵਿੰਦਰ ਸਿੰਘ ਨੇ ਉਨ੍ਹਾਂ ਤੋਂ ਪੜਤਾਲ ਸ਼ੁਰੂ ਕੀਤੀ।
ਇਸ ਸਬੰਧੀ ਡੀਐੱਸਪੀ ਬਲਰਾਮ ਰਾਣਾ ਤੇ ਜੀਆਰਪੀ ਐੱਸਐੱਚਓ ਜੀਵਨ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਦੋ ਕਿਲੋ ਅਫ਼ੀਮ ਬਰਾਮਦ ਹੋਈ। ਮੁਲਜ਼ਮ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਹੈਪਟਾਟਾਈਟਸ-ਬੀ ਦਾ ਮਰੀਜ਼ ਹੈ। ਪਤੀ ਦੇ ਇਲਾਜ ਅਤੇ ਘਰ ਦੇ ਖ਼ਰਚੇ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੇ ਨਸ਼ਾ ਤਸਕਰੀ ਦਾ ਰਸਤਾ ਚੁਣਿਆ। ਔਰਤ ਦੀ ਪਛਾਣ ਸ਼ਿਵਾਨੀ ਦਾਸ (50) ਪੱਛਮੀ ਬੰਗਾਲ ਵਜੋਂ ਹੋਈ ਹੈ। ਔਰਤ ਨਾਲ ਉਸ ਦਾ ਸਾਥੀ ਜੀਆ ਰਹਿਮਾਨ ਸ਼ੇਖ ਵੀ ਸੀ। ਔਰਤ ਸ਼ਿਵਾਨੀ ਨੇ ਦੱਸਿਆ ਕਿ ਉਹ ਹਾਵੜਾ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ। ਹਾਵੜਾ ਤੋਂ ਰਾਂਚੀ ਕਰੀਬ 350 ਕਿਲੋਮੀਟਰ ਦੂਰ ਹੈ। ਮੁਲਜ਼ਮ ਪਹਿਲਾਂ ਹਾਵੜਾ ਤੋਂ ਰਾਂਚੀ ਬੱਸ ਰਾਹੀਂ ਸਫ਼ਰ ਕਰ ਕੇ ਪੁੱਜੇ। ਇਸ ਤੋਂ ਬਾਅਦ ਰੇਲ ਗੱਡੀ ਰਾਹੀਂ ਲੁਧਿਆਣਾ ਆਏ। ਇਸ ਕਾਰਨ ਜਾਂਚ ਦਾ ਦਾਇਰਾ ਵਧਾ ਕੇ ਚੈਕ ਕੀਤਾ ਜਾ ਰਿਹਾ ਹੈ ਕਿ ਔਰਤ ਦੇ ਨਾਲ ਰਾਂਚੀ ’ਚ ਹੋਰ ਕੌਣ ਲੋਕ ਸ਼ਾਮਲ ਹਨ। ਔਰਤ ਅਨੁਸਾਰ ਇੱਕ ਵਿਅਕਤੀ ਨੇ ਉਸ ਨੂੰ ਅਫ਼ੀਮ ਦਿੱਤੀ ਤੇ ਕਿਹਾ ਕਿ ਇਸ ਨੂੰ ਲੁਧਿਆਣਾ ਪਹੁੰਚਾ ਦੇਵੇ। ਨਸ਼ਾ ਡਲਿਵਰੀ ਦੇ ਬਦਲੇ ਉਸ ਨੂੰ 10 ਹਜ਼ਾਰ ਮਿਲਣੇ ਸਨ।
ਡੀਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਪਿਛਲੇ 15 ਤੋਂ 20 ਦਿਨਾਂ ’ਚ ਜੀਆਰਪੀ ਨੇ ਲਗਾਤਾਰ ਕਈ ਵਾਰ ਵੱਡੀ ਮਾਤਰਾ ’ਚ ਅਫੀਮ ਬਰਾਮਦ ਕੀਤੀ ਹੈ। ਹਾਲੇ ਤੱਕ ਜਿੰਨੇ ਵੀ ਮੁਲਜ਼ਮ ਕਾਬੂ ਕੀਤੇ ਗਏ ਹਨ, ਉਹ ਝਾਰਖੰਡ ਦੇ ਰਹਿਣ ਵਾਲੇ ਹਨ।