ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਗਸਤ
ਪਾਰਕਿੰਗ ਤੇ ਹੋਰ ਇਲਾਕਿਆਂ ’ਚ ਖੜ੍ਹੇ ਦੋ ਪਹੀਆ ਵਾਹਨ ਚੋਰੀ ਕਰ ਕੇ ਅੱਗੇ ਵੇਚਣ ਵਾਲੇ ਦੋ ਮੁਲਜ਼ਮਾਂ ਨੂੰ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਪੁਲੀਸ ਨੇ ਉਸ ਵੇਲੇ ਕਾਬੂ ਕੀਤਾ, ਜਦੋਂ ਦੋਵੇਂ ਮੁਲਜ਼ਮ ਚੀਮਾ ਚੌਕ ਕੋਲ ਨਾਕਾਬੰਦੀ ਦੌਰਾਨ ਲੰਘ ਰਹੇ ਸਨ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਮਾਮਲੇ ’ਚ ਪੁਲੀਸ ਨੇ ਮੁਹੱਲਾ ਸ਼ਕਤੀ ਨਗਰ ਵਾਸੀ ਵਿਨੈ ਕੁਮਾਰ ਉਰਫ਼ ਵਿੱਕੀ ਤੇ ਨਿਊ ਪੰਜਾਬੀ ਬਾਗ਼ ਕਲੋਨੀ ਵਾਸੀ ਆਸ਼ੀਸ਼ ਕੁਮਾਰ ਉਰਫ਼ ਆਸ਼ੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਚੀਮਾ ਚੌਕ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਚੋਰੀ ਦੀਆਂ ਵਾਰਦਾਤਾਂ ਕਰਦੇ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕਰ ਚੋਰੀ ਦਾ ਵਾਹਨ ਬਰਾਮਦ ਕੀਤਾ। ਮੁਲਜ਼ਮਾਂ ਤੋਂ ਪੜਤਾਲ ਕਰ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਇੱਕ ਹੋਰ ਵਾਹਨ ਬਰਾਮਦ ਕੀਤਾ ਗਿਆ। ਪੁਲੀਸ ਅਨੁਸਾਰ ਮੁਲਜ਼ਮ ਵੱਖ-ਵੱਖ ਥਾਵਾਂ ਤੋਂ ਵਾਹਨ ਚੋਰੀ ਕਰਦੇ ਸਨ। ਦੋਵੇਂ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਤੇ ਨਸੇ ਦੀ ਪੂਰਤੀ ਲਈ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਚੋਰੀ ਦੇ ਵਾਹਨ ਚੋਰੀ ਕਰ ਉਹ ਅੱਗੇ ਸਸਤੇ ਭਾਅ ’ਤੇ ਵੇਚ ਦਿੰਦੇ ਹਨ।
ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਉਨ੍ਹਾਂ ਦਾ ਰਿਕਾਰਡ ਖੰਗਾਲ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਨਾਲ ਕੌਣ ਕੌਣ ਸ਼ਾਮਲ ਹੈ ਤੇ ਉਨ੍ਹਾਂ ’ਤੇ ਪਹਿਲਾਂ ਕਿਤੇ ਕੋਈ ਕੇਸ ਦਰਜ ਤਾਂ ਨਹੀਂ।
ਵੱਖ-ਵੱਖ ਥਾਵਾਂ ਤੋਂ ਚਾਰ ਵਾਹਨ ਚੋਰੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤਿਆਂ ਨੇ ਚਾਰ ਵਾਹਨ ਚੋਰੀ ਕਰ ਲਏ ਹਨ। ਥਾਣਾ ਡਿਵੀਜ਼ਨ ਨੰਬਰ ਇਕ ਦੇ ਇਲਾਕੇ ਬੂਟੇ ਸ਼ਾਹ ਮੰਡੀ ਸਥਿਤ ਦੁਕਾਨ ਬਾਹਰੋਂ ਦੁਕਾਨ ਮਾਲਕ ਤਰੁਨ ਕੁਮਾਰ ਸ਼ਰਮਾ ਦਾ ਐਕਟਿਵਾ ਸਕੂਟਰ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਇਲਾਕੇ ਚੰਬਾ ਫੈਕਟਰੀ ਨੇੜੇ ਰੋਸ਼ਨ ਢਾਬਾ ਦਰੇਸੀ ਰੋਡ ਤੋਂ ਕਿਰਪਾਲ ਸਿੰਘ ਦਾ ਮੋਟਰਸਾਈਕਲ ਅਣਪਛਾਤੇ ਚੋਰੀ ਕਰ ਕੇ ਲੈ ਗਏ ਹਨ। ਥਾਣਾ ਪੀਏਯੂ ਦੇ ਇਲਾਕੇ ਸਿੰਘਪੁਰਾ ਮੁਹੱਲੇ ਵਿਚ ਰਮਾਕਾਂਤ ਦੀ ਐਕਟਿਵਾ ਸਕੂਟਰ ਉਸ ਦੇ ਘਰ ਬਾਹਰੋਂ ਚੋਰੀ ਹੋ ਗਈ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੇ ਇਲਾਕੇ ਫੇਜ਼ ਪੰਜ ਸਥਿਤ ਕੇਪੀ ਫੈਕਟਰੀ ਦੇ ਬਾਹਰੋਂ ਪਵਨ ਕੁਮਾਰ ਵਾਸੀ ਪਿੰਡ ਕੱਕਾ ਦੀ ਮੋਟਰਸਾਈਕਲ ਅਣਪਛਾਤੇ ਚੋਰੀ ਕਰ ਕੇ ਲੈ ਗਏ ਹਨ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।