ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜੁਲਾਈ
ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਪੀਏਯੂ ਕੈਂਪਸ ਵਾਸੀ ਨਿਤੀਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਪੰਕਜ ਕੁਮਾਰ ਪੁੱਤਰ ਰੂਪ ਸਿੰਘ (35 ਸਾਲ) ਵਾਸੀ ਬਸੰਤ ਨਗਰ ਪ੍ਰਤਾਪ ਸਿੰਘ ਵਾਲਾ ਆਪਣੇ ਦੋਸਤ ਅਮਿਤ ਕੁਮਾਰ ਵਾਸੀ ਸਾਹਨੇਵਾਲ ਨਾਲ ਬਜਾਜ ਪਲੈਟਿਨਾ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਸਰਵਿਸ ਲੇਨ ਨੇੜੇ ਪਿੰਡ ਪਵਾ ਵਿੱਚ ਕਿਸੇ ਨਾਮਲੂਮ ਵਾਹਨ ਚਾਲਕ ਨੇ ਆਪਣੀ ਗੱਡੀ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਉਨ੍ਹਾਂ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਦੇ ਕਾਫ਼ੀ ਸੱਟਾਂ ਲੱਗੀਆਂ। ਦੋਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਪੰਕਜ ਕੁਮਾਰ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪਿੰਡ ਗੋਂਸਗੜ੍ਹ ਨੇੜੇ ਸਤਿਸੰਗ ਘਰ ਰਾਹੋਂ ਰੋਡ ਵਾਸੀ ਬਾਲ ਕਿਸ਼੍ਰਨ ਨੇ ਦੱਸਿਆ ਹੈ ਕਿ ਉਸ ਦਾ ਵੱਡਾ ਭਰਾ ਇੰਦਰ ਮਨੀ (38 ਸਾਲ) ਆਪਣੇ ਕੰਮ ਤੋਂ ਛੁੱਟੀ ਕਰ ਕੇ ਆਪਣੇ ਕਮਰੇ ਵਿੱਚ ਆ ਰਿਹਾ ਸੀ।
ਇਸ ਦੌਰਾਨ ਪਿੰਡ ਕੱਕਾ ਤੋਂ ਪੀਰਾ ਵਾਲਾ ਰੋਡ ਕੋਲ ਕਿਸੇ ਨਾਮਲੂਮ ਵਾਹਨ ਚਾਲਕ ਨੇ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਗੱਲੀ ਚਲਾਉਂਦੇ ਹੋਏ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਇੰਦਰ ਮਨੀ ਜ਼ਖ਼ਮੀ ਹੋ ਗਿਆ। ਇਲਾਜ ਲਈ ਉਸ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।