ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਅਕਤੂਬਰ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈੱਨ ਝਾੜ ਸਾਹਿਬ ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਦੋ ਰੋਜ਼ਾ ਇੰਟਰ ਕਾਲਜ ਗਤਕਾ ਟੂਰਨਾਮੈਂਟ ਆਰੰਭ ਹੋ ਗਿਆ। ਟੂਰਨਾਂਮੈਂਟ ਦਾ ਉਦਘਾਟਨ ਸੁਖਮਿੰਦਰ ਸਿੰਘ ਸਕੱਤਰ ਵਿੱਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਰਾਕੇਸ਼ ਮਲਿਕ ਡਿਪਟੀ ਡਾਇਰੈਕਟਰ, ਪ੍ਰਿੰਸੀਪਲ ਡਾ. ਰਜਿੰਦਰ ਕੌਰ ਅਤੇ ਖੇਡ ਵਿਭਾਗ ਦੇ ਮੁਖੀ ਰਵਿਤਾ ਸੈਣੀ ਨੇ ਕੀਤਾ। ਕਾਲਜ ਦੀਆਂ ਖੇਡ ਪ੍ਰਾਪਤੀਆਂ ਦੀ ਰਿਪੋਰਟ ਡਾ. ਕਮਲਜੀਤ ਕੌਰ ਨੇ ਪੜ੍ਹੀ। ਕਾਲਜ ਦੇ ਸੰਗੀਤ ਵਿਭਾਗ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਗਤਕੇ ਦੇ ਮੁਕਾਬਲੇ ਸ਼ੁਰੂ ਹੋਏ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਲੜਕਿਆਂ ਦੀਆਂ 14 ਅਤੇ ਲੜਕੀਆਂ ਦੀਆਂ 15 ਟੀਮਾਂ ਨੇ ਭਾਗ ਲਿਆ। ਡਾ. ਰਾਕੇਸ਼ ਮਲਿਕ ਨੇ ਕਾਲਜ ਦੇ ਵਧੀਆ ਪ੍ਰਬੰਧ ਅਤੇ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਸਬੰਧੀ ਦੱਸਦਿਆਂ ਕਿਹਾ ਕਿ ਕਾਲਜ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਵੱਲੋਂ ਜਲਦ ਹੀ ਗਤਕਾ ਕੇਂਦਰ ਸਥਾਪਿਤ ਹੋਵੇਗਾ। ਸੁਖਮਿੰਦਰ ਸਿੰਘ ਸਕੱਤਰ (ਵਿੱਦਿਆ) ਨੇ ਕਿਹਾ ਕਿ ਗੱਤਕਾ ਜੋ ਕਿ ਸਵੈ ਰੱਖਿਆ ਲਈ ਵਰਤੀ ਜਾਣ ਵਾਲੀ ਕਲਾ ਹੈ ਜਿਸ ਦੀ ਸ਼ੁਰੂਆਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਉਨ੍ਹਾਂ ਕਿਹਾ ਕਿ ਗਤਕਾ ਸਾਨੂੰ ਆਪਣੇ ਗੌਰਵ ਵਿਰਸੇ ਨਾਲ ਜੋੜਦਾ ਹੈ ਅਤੇ ਸਿੱਖਿਆ ਸੰਸਥਾਵਾਂ ਵਲੋਂ ਇਸ ਨੂੰ ਪ੍ਰਫੁਲਿੱਤ ਕਰਨਾ ਸ਼ਲਾਘਾਯੋਗ ਫੈਸਲਾ ਹੈ।
ਇਸ ਮੌਕੇ ਹੰਸ ਰਾਜ ਸੀਨੀਅਰ ਅਸਿ. ਡਾਇਰੈਕਟੋਰੇਟ ਆਫ਼ ਸਪੋਰਟਸ, ਗੁਰਨਾਮ ਸਿੰਘ ਨਾਗਰਾ, ਹਰਜਤਿੰਦਰ ਸਿੰਘ ਬਾਜਵਾ, ਅਮਰੀਕ ਸਿੰਘ ਹੇੜੀਆਂ, ਜਸਮੇਲ ਸਿੰਘ ਬੌਂਦਲੀ, ਜਸਪਾਲ ਸਿੰਘ ਜੱਜ, ਹਰਵਿੰਦਰ ਸਿੰਘ ਝਾੜ ਸਾਹਿਬ, ਇਕਬਾਲ ਸਿੰਘ ਗਿੱਲ, ਡਾ. ਪਰਮਜੀਤ ਕੌਰ ਨਾਗਰਾ ਸ਼ਾਮਲ ਸਨ। ਸਟੇਜ ਸੈਕਟਰੀ ਦੀ ਭੂਮਿਕਾ ਡਾ. ਮਹੀਪਿੰਦਰ ਕੌਰ ਨੇ ਨਿਭਾਈ।
ਪਹਿਲੇ ਦਿਨ ਗੱਤਕਾ (ਫਰੀ ਸੋਟੀ) ਟੀਮ ਵਰਗ ਮੁਕਾਬਲੇ ਵਿੱਚ ਜੀਜੀਡੀਐਸਡੀ ਕਾਲਜ, ਚੰਡੀਗੜ੍ਹ ਦੀ ਟੀਮ ਜੇਤੂ
ਟੂਰਨਾਮੈਂਟ ਦੇ ਪਹਿਲੇ ਦਿਨ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਗਤਕਾ (ਫਰੀ ਸੋਟੀ) ਟੀਮ ਵਰਗ ਮੁਕਾਬਲੇ ਵਿਚ ਜੀ.ਜੀ.ਡੀ.ਐਸ.ਡੀ. ਕਾਲਜ ਸੈਕਟਰ-32, ਚੰਡੀਗੜ੍ਹ ਦੀ ਟੀਮ ਨੇ ਪਹਿਲਾ, ਜੀ.ਐੱਨ. ਕਾਲਜ ਨਾਰੰਗਵਾਲ ਦੀ ਟੀਮ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਮੁਕਤਸਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗਤਕਾ (ਸਿੰਗਲ ਸੋਟੀ) ਟੀਮ ਵਰਗ ਮੁਕਾਬਲੇ ਵਿਚ ਜੀ.ਟੀ.ਬੀ. ਦਾਖਾ ਦੀ ਟੀਮ ਨੇ ਪਹਿਲਾ, ਐੱਸ.ਪੀ.ਐੱਨ. ਕਾਲਜ ਮੁਕੇਰੀਆਂ ਟੀਮ ਨੇ ਦੂਜਾ ਅਤੇ ਗੁਰੂ ਨਾਨਕ ਕਾਲਜ ਮੁਕਤਸਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿਚ ਐਸ.ਪੀ.ਐਨ. ਕਾਲਜ ਮੁਕੇਰੀਆਂ ਨੇ ਪਹਿਲਾ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸੈਕਟਰ-26 ਚੰਡੀਗੜ੍ਹ ਨੇ ਦੂਜਾ ਅਤੇ ਜੀ.ਜੀ.ਡੀ.ਐੱਸ.ਡੀ. ਕਾਲਜ ਸੈਕਟਰ-32 ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀ ਗਤਕਾ (ਫਰੀ ਸੋਟੀ) ਟੀਮ ਵਰਗ ਮੁਕਾਬਲੇ ਵਿਚ ਜੀ.ਟੀ.ਬੀ. ਕਾਲਜ ਦਸੂਹਾ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਕੈਂਪਸ ਨੇ ਦੂਸਰਾ ਅਤੇ ਦਸਮੇਸ਼ ਕਾਲਜ ਮੁਕੇਰੀਆਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗਤਕਾ (ਸਿੰਗਲ ਸੋਟੀ) ਟੀਮ ਵਰਗ ਮੁਕਾਬਲੇ ਵਿਚ ਜੀ.ਜੀ.ਡੀ.ਐਸ.ਡੀ. ਕਾਲਜ ਸੈਕਟਰ-32 ਚੰਡੀਗੜ੍ਹ ਦੀ ਟੀਮ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਕੈਂਪਸ ਨੇ ਦੂਸਰਾ ਅਤੇ ਜੀ.ਟੀ.ਬੀ. ਕਾਲਜ ਦਸੂਹਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਹੀ ਫਰੀ ਸੋਟੀ ਵਿਅਕੀਗਤ ਮੁਕਾਬਲਿਆਂ ਵਿਚ ਜੀ.ਟੀ.ਬੀ. ਕਾਲਜ ਦਸੂਹਾ ਪਹਿਲੇ, ਐਮ.ਆਰ. ਕਾਲਜ ਫਾਜ਼ਿਲਕਾ ਅਤੇ ਐਸ.ਪੀ.ਐਨ. ਕਾਲਜ ਮੁਕੇਰੀਆਂ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ’ਤੇ ਰਹੇ। ਸਿੰਗਲ ਸੋਟੀ ਵਿਅਕੀਗਤ ਮੁਕਾਬਲਿਆਂ ਵਿਚ ਪੀ.ਜੀ.ਜੀ.ਸੀ. ਸੈਕਟਰ-11 ਚੰਡੀਗੜ੍ਹ ਪਹਿਲੇ, ਜੀ.ਜੀ.ਡੀ.ਐੱਸ.ਡੀ. ਕਾਲਜ ਸੈਕਟਰ-32, ਚੰਡੀਗੜ੍ਹ ਦੂਸਰੇ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਤੀਸਰੇ ਸਥਾਨ ’ਤੇ ਰਹੇ।