ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਜੂਨ
ਇਥੋਂ ਦੇ ਨਗਰ ਕੌਂਸਲ ਦੇ ਰਿਕਾਰਡ ’ਚ ਦੋ ਟਰੈਕਟਰ ਦੱਸੇ ਗਏ ਹਨ, ਜਿਨ੍ਹਾਂ ਨੇ ਪਿਛਲੇ ਛੇ ਸਾਲ ’ਚ ਡੇਢ ਲੱਖ ਲਿਟਰ ਡੀਜ਼ਲ ਦੀ ਖ਼ਪਤ ਕੀਤੀ ਹੈ। ਇਹ ਗੱਲ ਅੱਜ ਇਥੇ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀਡੀ ਬਾਂਸਲ ਨੇ ਕਹੀ। ਉਨ੍ਹਾਂ ਕਿਹਾ ਕਿ ਕੌਂਸਲ ਦਾ ਆਰਟੀਆਈ ਐਕਟ ਅਧੀਨ ਪ੍ਰਾਪਤ ਰਿਕਾਰਡ ਦੱਸਦਾ ਹੈ ਕਿ ਟਰੈਕਟਰਾਂ ਰਾਹੀਂ ਕੀਤੀ ਜਾ ਰਹੀ ਡੀਜ਼ਲ ਦੀ ਖਪਤ ਕਿਸੇ ਤਰ੍ਹਾਂ ਸਹੀ ਨਹੀਂ ਹੋ ਸਕਦੀ। ਦਿਨ ਰਾਤ ਟਰੈਕਟਰ ਚਲਾਉਣ ’ਤੇ ਵੀ ਦੋ ਟਰੈਕਟਰ ਛੇ ਸਾਲ ’ਚ ਡੇਢ ਲੱਖ ਲਿਟਰ ਤੇਲ ਦੀ ਖ਼ਪਤ ਨਹੀਂ ਕਰ ਸਕਦੇ। ਬਾਂਸਲ ਨੇ ਦੱਸਿਆ ਆਰਟੀਆਈ ਐਕਟ ਅਧੀਨ ਪ੍ਰਾਪਤ ਸੂਚਨਾ ਦੱਸਦੀ ਹੈ ਕਿ ਕੌਂਸਲ ਦੇ ਦੋਵੇਂ ਟਰੈਕਟਰ ਬਹੁਤ ਹੀ ਨਾਪ ਤੋਲ ਕੇ ਡੀਜ਼ਲ ਖਾਂਦੇ ਹਨ, ਜਿਸ ਕਾਰਨ ਪਿਛਲੇ ਛੇ ਸਾਲ ਤੋਂ ਇਕ ਟਰੈਕਟਰ ਹਰ ਸਾਲ 10,200 ਲਿਟਰ ਤੇਲ ਦੀ ਖਪਤ ਕਰ ਰਿਹਾ ਹੈ ਤੇ ਦੂਜਾ ਟਰੈਕਟਰ ਹਰ ਸਾਲ 14,600 ਲਿਟਰ ਤੇਲ ਦੀ ਖਪਤ ਕਰ ਰਿਹਾ ਹੈ। ਇਸ ਤੋਂ ਇਲਾਵਾ ਇਕ ਹੋਰ ਮੋਟਰ ਵਹੀਕਲ ਟਾਟਾ-709 ਚੈਸੀ ਦੱਸੀ ਜਾਂਦੀ ਹੈ, ਜਿਸ ਰਾਹੀਂ ਹਰ ਸਾਲ 180 ਲਿਟਰ ਤੇਲ ਨਾਪ ਤੋਲ ਕੇ ਖ਼ਪਤ ਕੀਤਾ ਜਾਂਦਾ ਹੈ। ਬਾਂਸਲ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੂੰ ਜਾਂਚ ਤੇ ਕਾਰਵਾਈ ਲਈ ਲਿਖਿਆ ਗਿਆ ਹੈ। ਇਸ ਮੌਕੇ ਦਿਲਪ੍ਰੀਤ ਸਿੰਘ, ਬਲਦੇਵ ਸ਼ਰਮਾ, ਅਵਤਾਰ ਸਿੰਘ, ਜਗਦੀਪ ਸਿੰਘ, ਸਤਨਾਮ ਸਿੰਘ, ਨਵਜੀਤ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ, ਜਿਸ ਲਈ ਐੱਸਈ ਦੀ ਡਿਊਟੀ ਲਗਾ ਦਿੱਤੀ ਜਾਵੇਗੀ।