ਗਗਨਦੀਪ ਅਰੋੜਾ
ਲੁਧਿਆਣਾ, 3 ਅਗਸਤ
ਆਜ਼ਾਦੀ ਦਿਹਾੜੇ ਸਬੰਧੀ ਪੂਰੇ ਪੰਜਾਬ ਵਿੱਚ ਹਾਈ ਅਲਰਟ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਵਿੱਚ ਹੋਣ ਵਾਲੇ ਸੂਬਾਈ ਸਮਾਗਮ ਦੌਰਾਨ ਪਹਿਲੀ ਵਾਰ ਕੌਮੀ ਝੰਡਾ ਲਹਿਰਾਏ ਜਾਣ ਦੇ ਮੱਦੇਨਜ਼ਰ ਪੰਜਾਬ ਪੁਲੀਸ ਨੇ ਸ਼ਹਿਰ ’ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਪਰ ਇਸ ਸਭ ਦੇ ਬਾਵਜੂਦ ਬੀਤੀ ਦੇਰ ਰਾਤ ਇੱਕ ਕਤਲ ਕਾਂਡ ਸਬੰਧੀ ਜ਼ਮਾਨਤ ’ਤੇ ਇੱਕ ਨੌਜਵਾਨ ਨੇ ਆਪਣੇ ਭਰਾ ਨਾਲ ਮਿਲ ਕੇ ਦੋ ਨੌਜਵਾਨਾਂ ’ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ।
ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮੋਰ ਅਤੇ ਬਿੱਲੂ ਵਜੋਂ ਹੋਈ ਹੈ ਅਤੇ ਦੋਵੇਂ ਸਕੇ ਭਰਾ ਹਨ। ਮੁਲਜ਼ਮ ਮੋਰ ਇੱਕ ਕਤਲ ਕੇਸ ਸਬੰਧੀ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪਿਤਾ ਸਵਰਨ ਪਾਰਕ ਕੋਲ ਆਂਡਿਆਂ ਦੀ ਰੇੜ੍ਹੀ ਲਗਾਉਂਦਾ ਹੈ। ਬੀਤੀ ਰਾਤ ਕਰੀਬ 11 ਵਜੇ ਰੇੜ੍ਹੀ ਕੋਲ ਦੋ ਨੌਜਵਾਨਾਂ ਰਾਕੇਸ਼ ਅਤੇ ਰਾਣਾ ਦੀ ਮੋਰ ਤੇ ਬਿੱਲੂ ਦੇ ਪਿਤਾ ਨਾਲ ਕਿਸੇ ਗੱਲੋਂ ਬਹਿਸ ਹੋਈ, ਜਿਸ ਮਗਰੋਂ ਮੋਰ ਨੇ ਆਪਣੇ ਕੋਲ ਰੱਖੇ ਨਾਜਾਇਜ਼ ਪਿਸਤੌਲ ਨਾਲ ਰਾਕੇਸ਼ ਅਤੇ ਰਾਣਾ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੋਰ ਵੱਲੋਂ ਚਲਾਈਆਂ ਗਈਆਂ ਚਾਰ ਗੋਲੀਆਂ ਵਿੱਚੋਂ ਦੋ ਗੋਲੀਆਂ ਰਾਕੇਸ਼ ਅਤੇ ਇੱਕ ਗੋਲੀ ਰਾਣਾ ਦੇ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਸ ਮੌਕੇ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ, ਏਡੀਸੀਪੀ-4 ਤੁਸ਼ਾਰ ਗੁਪਤਾ ਅਤੇ ਏਸੀਪੀ ਗੁਰਦੇਵ ਸਿੰਘ ਸਮੇਤ ਥਾਣਾ ਟਿੱਬਾ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੂੰ ਵਾਰਦਾਤ ਵਾਲੀ ਜਗ੍ਹਾਂ ਤੋਂ 32 ਬੋਰ ਦੇ ਖੋਲ ਬਰਾਮਦ ਹੋਏ ਹਨ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਦੋਵਾਂ ਧੜਿਆਂ ਵਿੱਚ ਪਹਿਲਾਂ ਤੋਂ ਹੀ ਰੰਜਿਸ਼ ਸੀ। ਉਨ੍ਹਾਂ ਦੱਸਿਆ ਕਿ ਬਿੱਲੂ, ਮੋਰ ਅਤੇ ਉਨ੍ਹਾਂ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।
ਹਥਿਆਰਬੰਦ ਲੁਟੇਰਿਆਂ ਵੱਲੋਂ ਡਰਾਈਵਰ ’ਤੇ ਹਮਲਾ
ਲੁਧਿਆਣਾ (ਗੁਰਿੰਦਰ ਸਿੰਘ): ਥਾਣਾ ਡਿਵੀਜ਼ਨ ਨੰਬਰ ਅੱਠ ਦੇ ਨੇੜੇ ਦੋ ਹਥਿਆਰਬੰਦ ਨੌਜਵਾਨਾਂ ਨੇ ਇੱਕ ਟਰੱਕ ਡਰਾਈਵਰ ਨੂੰ ਲੁੱਟਣ ਦੀ ਨੀਯਤ ਨਾਲ ਸਖ਼ਤ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਸੁਦਰਸ਼ਨ ਕੁਮਾਰ ਨੇ ਦੱਸਿਆ ਕਿ ਸੁਰੇਸ਼ ਕੁਮਾਰ ਵਾਸੀ ਚੁਰੂ (ਰਾਜਸਥਾਨ) ਐੱਸਐੱਮ ਟਰਾਂਸਪੋਰਟ ਗੁਜਰਾਤ ਤੋਂ ਅਟੈਚੀ ਕੇਸ ਲੋਡ ਕਰਕੇ ਕੈਲਾਸ਼ ਚੌਕ ਨੇੜੇ ਜਗਨਨਾਥ ਮੰਦਰ ਬਿੰਦਰਾਬਨ ਰੋਡ ’ਤੇ ਆਇਆ ਸੀ। ਉਸ ਨੇ ਦੁਕਾਨ ਬੰਦ ਹੋਣ ਕਰਕੇ ਆਪਣੀ ਗੱਡੀ ਸਟੋਰ ਅੱਗੇ ਖੜ੍ਹੀ ਕਰ ਦਿੱਤੀ। ਤੜਕੇ ਕਰੀਬ ਚਾਰ ਵਜੇ ਦੋ ਹਥਿਆਰਬੰਦ ਨੌਜਵਾਨ ਉਸ ਤੋਂ ਮੋਬਾਈਲ ਫੋਨ ਅਤੇ ਪੈਸੇ ਮੰਗਣ ਲੱਗ ਪਏ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਨੌਜਵਾਨਾਂ ਨੇ ਉਸ ’ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਡਰਾਈਵਰ ਸੁਰੇਸ਼ ਕੁਮਾਰ ਭੱਜ ਕੇ ਜਾਨ ਬਚਾਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।