ਗੁਰਿੰਦਰ ਸਿੰਘ
ਲੁਧਿਆਣਾ, 25 ਮਈ
ਸੀਆਈਏ ਦੋ ਦੀ ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤੇ ਦੋ ਪਹੀਆ ਵਾਹਨ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਏਐੱਸਆਈ ਪਵਨਜੀਤ ਨੇ ਦੱਸਿਆ ਹੈ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਤਰੁਣ ਕੁਮਾਰ ਵਾਸੀ ਨਿਊ ਕੁਲਦੀਪ ਨਗਰ ਅਤੇ ਟੋਨੀ ਕੁਮਾਰ ਵਾਸੀ ਪ੍ਰੀਤ ਵਿਹਾਰ ਕੈਲਾਸ਼ ਨਗਰ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਬਾਬਾ ਬਾਲਕ ਨਾਥ ਮੰਦਰ ਤੋਂ ਚੰਦਰਲੋਕ ਕਾਲੋਨੀ ਵੱਲ ਜਾ ਰਹੀ ਸੀ ਤਾਂ ਸੂਚਨਾ ਮਿਲੀ ਕਿ ਚੋਰੀਸ਼ੁਦਾ ਐਕਟਿਵਾ ਸਕੂਟਰ ਵੇਚਣ ਲਈ ਦੋ ਜਣੇ ਇੱਥੋਂ ਲੰਘ ਰਹੇ ਹਨ। ਪੁਲੀਸ ਪਾਰਟੀ ਨੇ ਤੁਰੰਤ ਤਿਕੋਣੀ ਪਾਰਕ ਸੁਭਾਸ਼ ਨਗਰ ਨੇੜੇ ਨਾਕਾਬੰਦੀ ਕਰਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀਸ਼ੁਦਾ ਦੋ ਐਕਟਿਵਾ ਸਕੂਟਰ ਅਤੇ ਦੋ ਮੋਟਰਸਾਈਕਲ ਤੋਂ ਇਲਾਵਾ 9 ਮੋਬਾਈਲ ਫੋਨ ਵੱਖ ਵੱਖ ਕੰਪਨੀਆਂ ਦੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।