ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਫਰਵਰੀ
ਪੁਲੀਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਨਾਜਾਇਜ਼ ਸ਼ਰਾਬ, ਤਿੰਨ ਮੋਬਾਈਲ ਫੋਨ ਤੇ ਨਕਦੀ ਬਰਾਮਦ ਕੀਤੀ ਹੈ। ਥਾਣਾ ਸਦਰ ਦੇ ਥਾਣੇਦਾਰ ਸਤਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਪੈਟਰੋਲ ਪੰਪ ਜੀਟੀ ਰੋਡ ਪਿੰਡ ਗਿੱਲ ਵਿੱਚ ਮੌਜੂਦ ਸੀ ਤਾਂ ਪਤਾ ਲੱਗਿਆ ਕਿ ਰੁਪੇਸ਼ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਡੇਅਰੀ ਕੰਪਲੈਕਸ ਹੈਬੋਵਾਲ ਖੁਰਦ ਅਤੇ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਹਰਗੋਬਿੰਦ ਨਗਰ ਚੰਦਰ ਨਗਰ ਗੈਰਕਾਨੂਨੀ ਤਰੀਕੇ ਨਾਲ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਨਾਕੇ ਦੌਰਾਨ ਕਾਰ ਵਰਨਾ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਤੇ ਦੋਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ। ਇਸ ਦੌਰਾਨ ਕਾਰ ਵਿੱਚੋਂ 14 ਪੇਟੀਆਂ ਸ਼ਰਾਬ ਪੰਜਾਬ ਬਿੰਨੀ ਰਸਭਰੀ, 3 ਮੋਬਾਈਲ ਫੋਨ ਅਤੇ 17,500 ਰੁਪਏ ਬਰਾਮਦ ਕੀਤੇ ਗਏ। ਪੁਲੀਸ ਨੇ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ।