ਲੁਧਿਆਣਾ: ਥਾਣਾ ਹੈਬੋਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਲੱਖਾਂ ਰੁਪਏ ਦੇ ਮੁੱਲ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕ੍ਰਾਈਮ ਬ੍ਰਾਂਚ ਦੇ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਜਵਾਲਾ ਸਿੰਘ ਚੌਕ ਵਿੱਚ ਗਸ਼ਤ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਐਕਟਿਵਾ ਸਕੂਟਰ ਤੇ ਨਵੀਨ ਨਗਰ ਵੱਲੋਂ ਵਿਕਰਮਜੀਤ ਸਿੰਘ ਵਾਸੀ ਗਗਨਦੀਪ ਕਲੋਨੀ ਹੈਬੋਵਾਲ ਆ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਉਸਨੂੰ ਰੋਕਕੇ ਤਲਾਸ਼ੀ ਲਈ ਗਈ ਤਾਂ ਸਕੂਟਰ ਦੀ ਡਿੱਗੀ ਵਿੱਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣੇਦਾਰ ਜਸਪਾਲ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਐਂਟੀ-ਨਾਰਕੋਟਿਕ ਸੈੱਲ ਦੇ ਥਾਣੇਦਾਰ ਗੁਰਦੀਪ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਵੀ ਇੱਕ ਵਿਅਕਤੀ ਨੂੰ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਆਤਮ ਨਗਰ ਕੋਲ ਮੌਜੂਦ ਸੀ ਤਾਂ ਅਬਦੁੱਲਾਪੁਰ ਬਸਤੀ ਵਾਸੀ ਜਸਵਿੰਦਰ ਸਿੰਘ ਸਾਹਮਣੇ ਤੋਂ ਆ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਉਸਨੂੰ ਰੋਕਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 400 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲੀਸ ਵੱਲੋਂ ਕੇਸ ਦਰਜ ਕਰਨ ਉਪਰੰਤ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ