ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਗਸਤ
ਇੱਥੋਂ ਦੀ ਪੁਲੀਸ ਨੇ ਬਾਹਰੀ ਇਲਾਕਿਆਂ ਵਿੱਚੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਵੇਚਣ ਦੇ ਮਾਮਲੇ ਵਿੱਚ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਕੋਲੋਂ 20 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਸਬੰਧੀ ਥਾਣਾ ਹੈਬੋਵਾਲ ਪੁਲੀਸ ਨੇ ਮਾਲ ਰੋਡ ਫੁਆਰਾ ਚੌਕ ਵਾਸੀ ਅਨਿਲ ਕੁਮਾਰ ਤੇ ਪ੍ਰਤਾਪਪੁਰਾ ਵਾਸੀ ਕੁਲਦੀਪ ਸਿੰਘ ਖ਼ਿਲ਼ਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨਾਂ ਰਿਮਾਂਡ ਹਾਸਲ ਕਰ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਇਹ ਟੂਰਿਸਟ ਬੱਸਾਂ ਦੇ ਰਾਹੀਂ ਨਸ਼ੀਲੀ ਗੋਲੀਆਂ ਮੰਗਵਾਉਂਦੇ ਸਨ ਤੇ ਸਪਲਾਈ ਕਰਦੇ ਸਨ।
ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਹੈਬੋਵਾਲ ਦੇ ਚੰਦਰ ਨਗਰ ਇਲਾਕੇ ’ਚ ਲਗਾਏ ਨਾਕੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਮਿਲੇ ਇੱਕ ਲਿਫ਼ਾਫ਼ੇ ਵਿੱਚੋਂ 20 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲੀਸ ਅਨੁਸਾਰ ਇਹ ਮੁਲਜ਼ਮ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਦੇ ਆ ਰਹੇ ਹਨ।
ਇਸੇ ਦੌਰਾਨ ਨਿਊ ਸ਼ਿਮਲਾਪੁਰੀ ਸਥਿਤ ਕਲਗੀਧਰ ਰੋਡ ਵਾਸੀ ਦੀਪਕ ਕੁਮਾਰ ਨੂੰ ਐਂਟੀ ਨਾਰਕੋਟਿਕਸ ਵਿਭਾਗ ਦੀ ਟੀਮ ਨੇ ਕਾਬੂ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ।
ਮਹਿਲਾ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਅਸਿਸਟੈਂਟ ਕਮਿਸ਼ਨਰ ਪੁਲੀਸ ਵੈਭਵ ਸਹਿਗਲ ਨੇ ਜਾਣਕਾਰੀ ਦਿੱਤੀ ਹੈ ਕਿ ਐੱਸਐੱਚਓ ਡੇਹਲੋਂ ਪਰਮਦੀਪ ਸਿੰਘ ਦੀ ਰਹਿਨੁਮਾਈ ਹੇਠ ਪੁਲੀਸ ਨੇ ਕਥਿਤ ਤੌਰ ’ਤੇ ਨਸ਼ੇ ਦਾ ਧੰਦਾ ਕਰਨ ਵਾਲੀ ਇੱਕ ਔਰਤ ਨੂੰ ਉਸ ਵੇਲੇ ਕਾਬੂ ਕੀਤਾ ਹੈ ਜਦੋਂ ਉਹ ਗਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਦੇਣ ਜਾ ਰਹੀ ਸੀ। ਮੁਲਜ਼ਮ ਦੀ ਪਛਾਣ ਜੱਸੋਵਾਲ ਪਿੰਡ ਨਿਵਾਸੀ ਪਰਮਜੀਤ ਕੌਰ ਵਜੋਂ ਹੋਈ ਹੈ ਅਤੇ ਪੁਲੀਸ ਨੇ ਉਸ ਕੋਲੋਂ 220 ਗੋਲੀਆਂ ਐਲਪਰਾਜੋਲਾਮ ਤੇ 50 ਗੋਲੀਆਂ ਐਡਨਾਕ ਤੋਂ ਇਲਾਵਾ ਸਤਾਰਾਂ ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲੀਸ ਮਹਿਲਾ ਤੋਂ ਪੁੱਛ ਪੜਤਾਲ ਕਰ ਰਹੀ ਹੈ।
ਔਰਤ ਸਣੇ ਤਿੰਨ ਜਣੇ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਔਰਤ ਸਣੇ ਤਿੰਨ ਜਣਿਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡੇਹਲੋਂ ਦੀ ਥਾਣੇਦਾਰ ਮਨਜੀਤ ਕੌਰ ਨੇ ਦੱਸਿਆ ਕਿ ਪੁਲੀਸ ਟੀਮ ਨੇ ਡੇਹਲੋਂ ਚੌਕ ਨੇੜੇ ਪਿੰਡ ਜੱਸੋਵਾਲ ਵਾਸੀ ਪਰਮਜੀਤ ਕੌਰ ਕੋਲੋਂ 27 ਪੱਤੇ ਨਸ਼ੀਲੀਆਂ ਗੋਲੀਆਂ ਤੇ 17 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ। ਥਾਣਾ ਹੈਬੋਵਾਲ ਦੀ ਪੁਲੀਸ ਟੀਮ ਨੇ ਫੁਹਾਰਾ ਚੌਕ ਵਿੱਚ ਮੋਟਰਸਾਈਕਲ ਸਵਾਰ ਅਨਿਲ ਕੁਮਾਰ ਵਾਸੀ ਫੁਹਾਰਾ ਚੌਕ ਮਾਲ ਰੋਡ ਅਤੇ ਕੁਲਦੀਪ ਸਿੰਘ ਵਾਸੀ ਪ੍ਰਤਾਪਪੁਰਾ ਕੋਲੋਂ 20 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।
ਇੱਕੋ ਪਰਿਵਾਰ ਦੇ ਤਿੰਨ ਜੀਅ ਨਸ਼ੀਲੇ ਪਦਾਰਥਾਂ ਸਮੇਤ ਕਾਬੂ
ਮੁੱਲਾਂਪੁਰ ਦਾਖਾ (ਪੱਤਰ ਪ੍ਰੇਰਕ): ਥਾਣਾ ਦਾਖਾ ਦੀ ਪੁਲੀਸ ਨੇ ਬਹੁਚਰਚਿਤ ਪਿੰਡ ਮੰਡਿਆਣੀ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ ਤਿੰਨ ਜੀਅ ਹੈਰੋਇਨ, ਨਸ਼ੀਲੀਆਂ ਗੋਲੀਆਂ, ਨਸ਼ਾ ਵੇਚ ਕੇ ਕਮਾਏ ਪੈਸੇ ਅਤੇ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਕੁਲਦੀਪ ਕੁਮਾਰ ਅਨੁਸਾਰ ਸੂਹ ਦੇ ਆਧਾਰ ’ਤੇ ਬੱਦੋਵਾਲ ਨੇੜੇ ਨਾਕਾਬੰਦੀ ਕਰ ਕੇ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਧਰਮਪ੍ਰੀਤ ਸਿੰਘ ਅਤੇ ਗੋਲਡੀ ਸਿੰਘ ਸਮੇਤ ਉਨ੍ਹਾਂ ਦੀ ਮਾਂ ਜਸਵਿੰਦਰ ਕੌਰ ਉਰਫ਼ ਬੰਟੀ ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਮੰਡਿਆਣੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਕ ਗਰਾਮ ਹੈਰੋਇਨ, 140 ਖੁੱਲ੍ਹੀਆਂ ਨਸ਼ੇ ਵਾਲੀਆਂ ਗੋਲੀਆਂ, ਨਸ਼ਾ ਵੇਚ ਕੇ ਕਮਾਏ ਸਾਢੇ ਅੱਠ ਹਜ਼ਾਰ ਰੁਪਏ ਬਰਾਮਦ ਹੋਏ। ਜਾਂਚ ਅਫ਼ਸਰ ਅਨੁਸਾਰ ਸਪਲੈਂਡਰ ਮੋਟਰਸਾਈਕਲ ਪੀਬੀ-91ਪੀ-8340 ਵੀ ਕਬਜ਼ੇ ਵਿਚ ਲੈ ਲਿਆ ਗਿਆ। ਜ਼ਿਕਰਯੋਗ ਹੈ ਕਿ ਪਿੰਡ ਮੰਡਿਆਣੀ ਵਿਚ ਸ਼ਰੇਆਮ ਵਿਕਦੇ ਨਸ਼ੇ ਵਿਰੁੱਧ ਸਰਪੰਚ ਗੁਰਪ੍ਰੀਤ ਕੌਰ ਨੇ ਲੁਧਿਆਣਾ ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰ ਦਿੱਤੀ ਸੀ। ਆਈਜੀ ਲੁਧਿਆਣਾ ਰੇਂਜ ਐੱਸਪੀਐੱਸ ਪਰਮਾਰ ਦੀ ਅਗਵਾਈ ਹੇਠ ਘੇਰਾ ਪਾ ਕੇ ਪਿੰਡ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ। ਉਸ ਦਿਨ ਵੀ ਇਸੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।