ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਪਰੈਲ
ਕ੍ਰਾਈਮ ਬ੍ਰਾਂਚ ਪੁਲੀਸ ਨੇ ਬਿਲਗਾ ਕੱਟ, ਜੀਟੀ ਰੋਡ ਸਾਹਨੇਵਾਲ ’ਤੇ ਇੱਕ ਟਰੱਕ ’ਚੋਂ 20 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ ਹੈ। ਥਾਣਾ ਸਾਹਨੇਵਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਸ਼ਨਾਖਤ ਸੁਖਵੀਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਦਾਊਦਪੁਰ ਵਜੋਂ ਹੋਈ ਹੈ ਜਿਸਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਨੇ ਉਸਦਾ ਟਰੱਕ ਕਬਜ਼ੇ ਵਿੱਚ ਲੈ ਲਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਭੁੱਕੀ ਆਪਣੇ ਟਰੱਕ ਵਿੱਚ ਮੱਧ ਪ੍ਰਦੇਸ਼ ਤੋਂ ਲੈ ਕੇ ਆ ਰਿਹਾ ਸੀ। ਪੁਲੀਸ ਵੱਲੋਂ ਐੱਨਡੀਪੀਐੱਸ ਐਕਟ ਦੀ ਧਾਰਾ 15ਬੀ-61-85 ਤਹਿਤ ਕੇਸ ਦਰਜ ਕਰ ਕੇ ਉਸਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇੱਕ ਹੋਰ ਮਾਮਲੇ ਵਿੱਚ ਕ੍ਰਾਈਮ ਪੁਲੀਸ ਪਾਰਟੀ ਨੇ ਚੁੰਗੀ ਹੈਬੋਵਾਲ ਹੰਬੜਾ ਰੋਡ ’ਤੇ ਨਾਕਾਬੰਦੀ ਦੌਰਾਨ ਭਾਨੂੰ ਪ੍ਰਕਾਸ਼ ਉਰਫ ਮੋਟੂ ਨੂੰ ਗ੍ਰਿਫ਼ਤਾਰ ਕਰਕੇ 4 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਥਾਣਾ ਪੀਏਯੂ ’ਚ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਗਈ ਹੈ ਜਿਸ ਵਿੱਚ ਉਸਨੇ ਦੱਸਿਆ ਕਿ ਉਹ ਸਮੋਸੇ ਤੇ ਬਰੈੱਡ ਪਕੌੜੇ ਆਦਿ ਦੀ ਰੇਹੜੀ ਲਾਉਂਦਾ ਹੈ ਅਤੇ ਇਸਦੀ ਆੜ ’ਚ ਉਸ ਨੇ ਗਾਹਕਾਂ ਨੂੰ ਗਾਂਜਾ ਵੇਚਣਾ ਸੀ।