ਗਗਨਦੀਪ ਅਰੋੜਾ
ਲੁਧਿਆਣਾ, 28 ਸਤੰਬਰ
ਸਨਅਤੀ ਸ਼ਹਿਰ ਦੇ ਸਾਹਨੇਵਾਲ ਦੇ ਪਿੰਡ ਜਸਪਾਲ ਬਾਂਗਰ ਸਥਿਤ ਨਟ ਬੋਲਟ ਦੀ ਫੈਕਟਰੀ ’ਚ 2 ਦਿਨ ਪਹਿਲਾਂ ਫਾਇਰਿੰਗ ਦੇ ਦੌਰਾਨ ਵਰਕਰ ਦਾ ਕਤਲ ਕਰਨ ਦੇ ਮਾਮਲੇ ’ਚ ਲੁਧਿਆਣਾ ਪੁਲੀਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵਲੋਂ ਮੁੱਢਲੀ ਜਾਂਚ ਪੜਤਾਲ ਮਗਰੋਂ ਫੜੇ ਮੁਲਜ਼ਮਾਂ ਦੀ ਪਛਾਣ ਉਤਰ ਪ੍ਰਦੇਸ਼ ਵਾਸੀ ਪਰਮਜੀਤ ਤੇ ਜਤਿੰਦਰ ਕੁਮਾਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਲਈ ਵਰਤੀ ਬਲੈਰੋ ਗੱਡੀ ਤੇ ਕਾਨਪੁਰ ਦੀ ਫੈਕਟਰੀ ’ਚ ਬਣਿਆ ਰਿਵਾਲਵਰ ਬਰਾਮਦ ਕੀਤਾ ਹੈ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ 2 ਦਿਨ ਪਹਿਲਾਂ ਫੈਕਟਰੀ ਹੋਈ ਗੋਲੀਬਾਰੀ ਦੌਰਾਨ ਇੱਕ ਵਰਕਰ ਦੀ ਮੌਤ ਹੋ ਗਈ ਸੀ ਤੇ ਫੈਕਟਰੀ ਮਾਲਕ ਦਾ ਭਤੀਜਾ ਵੀ ਜ਼ਖਮੀ ਹੋ ਗਿਆ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਪਰਮਜੀਤ ਸਿੰਘ ਤੇ ਜਤਿੰਦਰ ਕੁਮਾਰ ਮਾਲ ਢੁਆਈ ਦਾ ਕੰਮ ਕਰਦੇ ਸਨ। ਉਨ੍ਹਾਂ ਮਾਲ ਢੁਆਈ ਦੇ ਲਈ ਲੋਨ ’ਤੇ ਗੱਡੀਆਂ ਖਰੀਦ ਰੱਖੀਆਂ ਸਨ। ਕੁਝ ਸਮੇਂ ਤੋਂ ਕੰਮ ਧੰਦਾ ਨਹੀਂ ਸੀ ਤਾਂ ਉਹ ਗੱਡੀ ਦੀਆਂ ਕਿਸ਼ਤਾਂ ਨਾ ਭਰੇ ਜਾਣ ਕਾਰਨ ਪ੍ਰੇਸ਼ਾਨ ਸਨ। ਉਨ੍ਹਾਂ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਅੰਜਾਮ ਦੇਣ ਦੀ ਯੋਜਨਾ ਬਣਾਈ ਅਤੇ ਜਸਪਾਲ ਬਾਂਗਰ ’ਚ ਨਟ ਬੋਲਟ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ।