ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਜਿੱਥੇ ਪੂਰੇ ਪੰਜਾਬ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਉੱਥੇ ਹੀ ਬਾਕੀ ਵਿਦਿਆਰਥੀ ਵੀ ਚੰਗੇ ਰੈਂਕ ਨਾਲ ਪਾਸ ਹੋਏ। ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਸਕੂਲ ’ਚ ਸਨਮਾਨ ਕੀਤਾ ਗਿਆ। ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ 500 ਵਿੱਚੋਂ 497 ਅੰਕਾਂ ਨਾਲ ਸੂਬੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਵਿਸ਼ਾਲੀ 495 ਅੰਕਾਂ ਨਾਲ ਤੀਜੇ ਅਤੇ ਕੋਮਲਪ੍ਰੀਤ ਕੌਰ 494 ਅੰਕ ਲੈ ਕੇ ਆਰਟਸ ਗਰੁੱਪ ਵਿੱਚੋਂ ਚੌਥੇ ਸਥਾਨ ’ਤੇ ਰਹੀ। ਸਾਇੰਸ ਗਰੁੱਪ ਵਿੱਚੋਂ ਸਕੂਲ ਦੇ ਰੋਹਿਤ ਕੁਮਾਰ ਨੇ 494 ਅਤੇ ਗਗਨਦੀਪ ਕੌਰ ਨੇ 493 ਅੰਕ ਪ੍ਰਾਪਤ ਕਰਕੇ ਬੋਰਡ ਮੈਰਿਟ ਵਿੱਚੋਂ ਕ੍ਰਮਵਾਰ ਚੌਥਾ ਤੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁੱਪ ਵਿੱਚੋਂ ਵੀ ਸਕੂਲ ਦਾ ਅਨੁਰਾਗ ਵਰਮਾ ਤੇ ਨਵਜੋਤ ਕੌਰ ਸਾਂਝੇ ਤੌਰ ’ਤੇ 493 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹੇ। ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਕਿਹਾ ਕਿ ਸਕੂਲ ਦੇ 27 ਵਿਦਿਆਰਥੀਆਂ ਨੇ ਮੈਰਿਟਾਂ ਹਾਸਲ ਕੀਤੀਆਂ ਹਨ।