ਦੇਵਿੰਦਰ ਸਿੰਘ ਜੱਗੀ
ਪਾਇਲ, 5 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 4 ਮਈ ਨੂੰ ਲਿਆ ਗਿਆ ਬਾਰ੍ਹਵੀਂ ਜਮਾਤ ਦੇ ਭੂਗੋਲ ਵਿਸ਼ੇ ਦਾ ਪੇਪਰ ਵਿਭਾਗ ਵੱਲੋਂ ਜਾਰੀ ਪੈਟਰਨ ਅਨੁਸਾਰ ਨਾ ਆਉਣ ਕਾਰਨ ਵਿਦਿਆਰਥੀਆਂ ਵਿੱਚ ਭਾਰੀ ਰੋਸ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੱਸਿਆ ਕਿ ਭਾਗ-ਦੂਜਾ ਵਿੱਚ ਦੋ-ਦੋ ਅੰਕਾਂ ਵਾਲੇ ਪ੍ਰਸ਼ਨ ਪਾਠ-9 ਵਿੱਚੋਂ ਪਾਏ ਜਾਣੇ ਸਨ, ਜੋ ਪੈਟਰਨ ਅਨੁਸਾਰ ਨਹੀਂ ਪਾਏ ਗਏ। ਭਾਗ-ਤੀਜਾ ਸਰੋਤ ਆਧਾਰਿਤ ਪੈਰਾ ਵੀ ਪਾਠ-9 ਵਿੱਚੋਂ ਸੈੱਟ ਕਰਨਾ ਬਣਦਾ ਸੀ। ਉਹ ਪੈਰਾ ਪਾਠ-8 ਵਿੱਚੋਂ ਸੈੱਟ ਕੀਤਾ ਗਿਆ, ਜੋ ਪੈਟਰਨ ਅਨੁਸਾਰ ਨਹੀਂ ਸੀ। ਭਾਗ-ਚੌਥਾ ਦੇ ਪ੍ਰਸ਼ਨ ਨੰਬਰ 13 ਦਾ (ਅ) ਭਾਗ ਜੋ ਨਕਸ਼ੇ ਨੂੰ ਲੇਬਲ ਕਰਨ ਦਾ ਸੀ, ਉਸ ਦੇ ਨੁਕਤਾ-5 ਅਤੇ 6 ਗਲਤ ਰਾਜ ਵਿੱਚ ਦਰਸਾਏ ਗਏ ਸਨ। ਪ੍ਰਸ਼ਨ ਪੱਤਰ ਦੇ ਜ਼ਿਆਦਾ ਪ੍ਰਸ਼ਨ ਅਭਿਆਸ ਦੇ ਪ੍ਰਸ਼ਨਾਂ ਨੂੰ ਤੋੜ-ਮਰੋੜ ਕੇ ਪਾਏ ਗਏ ਅਤੇ ਕਈ ਪ੍ਰਸ਼ਨ ਅਭਿਆਸ ਦੇ ਪ੍ਰਸ਼ਨਾਂ ਤੋਂ ਬਾਹਰੋਂ ਵੀ ਪਾਏ ਗਏ ਹਨ। ਵਿਦਿਆਰਥੀਆਂ ਤੇ ਮਾਪਿਆਂ ਨੇ ਮੰਗ ਕੀਤੀ ਕਿ ਉਪਰੋਕਤ ਗਲਤੀਆਂ ਨੂੰ ਵੇਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਘੱਟੋ-ਘੱਟ 15 ਅੰਕਾਂ ਦੀ ਗਰੇਸ ਦਿੱਤੀ ਜਾਵੇ।