ਸਤਵਿੰਦਰ ਬਸਰਾ
ਲੁਧਿਆਣਾ, 1 ਨਵੰਬਰ
ਸਰਕਾਰੀ ਨੁਮਾਇੰਦਿਆਂ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਹਰ ਸਾਲ ਪਾਣੀ ਬਚਾਉਣ ਦੇ ਵੱਡੇ ਵੱਡੇ ਬਿਆਨ ਦਿੱਤੇ ਜਾਂਦੇ ਹਨ ਪਰ ਲੁਧਿਆਣਾ ਭਾਮੀਆ ਖੁਰਦ ਨੂੰ ਜਾਂਦੇ ਰਾਹ ’ਤੇ ਬਣੇ ਤਿਕੋਣੇ ਪਾਰਕ ਵਿੱਚ ਲੱਗੇ ਟਿਊਬਵੈੱਲ ’ਤੇ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਅਜਾਈਂ ਜਾ ਰਿਹਾ ਹੈ ਜਿਸ ਨੂੰ ਸਾਂਭਣ ਵਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਇਸ ਪਾਰਕ ਨਾਲ ਲੋਕਾਂ ਵੱਲੋਂ ਸੁੱਟਿਆ ਜਾ ਰਿਹਾ ਕੂੜਾ ਵੀ ਸਮਾਰਟ ਸਿਟੀ ਦੀ ਪੋਲ ਖੋਲ੍ਹ ਰਿਹਾ ਹੈ। ਸਮਾਰਟ ਸ਼ਹਿਰਾਂ ਵਿੱਚ ਗਿਣੇ ਜਾਂਦੇ ਲੁਧਿਆਣਾ ਵਿੱਚ ਅੱਜ ਵੀ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ ਪੀਣ ਵਾਲੇ ਪਾਣੀ ਦੀ ਧੜੱਲੇ ਨਾਲ ਬਰਬਾਦੀ ਹੋ ਰਹੀ ਹੈ। ਇਨਾਂ ਵਿੱਚੋਂ ਚੰਡੀਗੜ੍ਹ ਰੋਡ, ਤਾਜਪੁਰ ਰੋਡ ਅਤੇ ਭਾਮੀਆਂ ਖੁਰਦ ਨੂੰ ਲੱਗਦੀਆਂ ਸੜਕਾਂ ’ਤੇ ਬਣਿਆ ਤਿਕੋਣਾ ਪਾਰਕ ਇੱਕ ਹੈ। ਇਸ ਪਾਰਕ ਵਿੱਚ ਨਾ ਤਾਂ ਲੋਕਾਂ ਦੇ ਬੈਠਣ ਲਈ ਕੋਈ ਬੈਂਚ ਆਦਿ ਰੱਖਿਆ ਗਿਆ ਹੈ ਅਤੇ ਨਾ ਹੀ ਇੱਥੇ ਕਿਸੇ ਵਾਤਾਵਰਣ ਪ੍ਰੇਮੀ ਦੀ ਸਵੱਲੀ ਨਜ਼ਰ ਹੀ ਪਈ ਲੱਗਦੀ ਹੈ। ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੇ ਟਿਊਬਵੈੱਲ ਦਾ ਪਾਈਪ ਲੀਕ ਹੋਣ ਕਰਕੇ ਰੋਜ਼ਾਨਾ ਹਜ਼ਾਰਾਂ ਲਿਟਰ ਪੀਣਯੋਗ ਪਾਣੀ ਬਰਬਾਦ ਹੋ ਰਿਹਾ ਹੈ। ਰਾਜ ਕੁਮਾਰ ਨੇ ਦੱਸਿਆ ਕਿ ਦਿਹਾੜੀ ਵਿੱਚ ਦੋ ਕੁ ਵਾਰ ਤਾਂ ਇਹ ਪਾਣੀ ਇਸੇ ਤਰ੍ਹਾਂ ਨਿਕਲਦਾ ਰਹਿੰਦਾ ਹੈ।