ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੂਨ
ਟੈਕਨੀਕਲ ਸਰਵਿਸ ਯੂਨੀਅਨ ਸੀਐੱਮਸੀ ਮੰਡਲ ਵੱਲੋਂ ਜੁਆਇੰਟ ਫੋਰਮ ਦੇ ਸੱਦੇ ’ਤੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਚੀਮਾ ਚੌਂਕ ਸਥਿਤ ਬਿਜਲੀ ਦਫ਼ਤਰ ਅੱਗੇ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਠਿੰਡਾ ਥਰਮਲ ਪਲਾਂਟ ਦੀ 1,769 ਏਕੜ ਬੇਸ਼ਕੀਮਤੀ ਜ਼ਮੀਨ ਪੁੱਡਾ ਨੂੰ ਵੇਚਣ ਲਈ ਦਿੱਤੀ ਜਾ ਰਹੀ ਹੈ। ਉਨ੍ਹਾਂ ਆਖਿਆ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਇਹ ਬਠਿੰਡਾ ਥਰਮਲ ਪਲਾਂਟ ਕਿਸੇ ਵੀ ਕੀਮਤ ’ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸਦੀ ਥਾਂ ਤੇ ਪਰਾਲੀ ਨਾਲ ਚੱਲਣ ਵਾਲਾ 100 ਮੈਗਾਵਾਟ ਦਾ ਯੂਨਿਟ ਲਗਾਇਆ ਜਾਵੇਗਾ। ਇਸ ਪਲਾਂਟ ਦਾ 715 ਕਰੋੜ ਰੁਪਏ ਨਾਲ ਨਵੀਨੀਕਰਨ ਕੀਤਾ ਗਿਆ ਸੀ ਜਿਸ ਨਾਲ ਉਸਦੀ ਮਿਆਦ 2031 ਤੱਕ ਵੱਧ ਗਈ ਸੀ ਅਤੇ ਇਸ ਪਲਾਂਟ ਤੋਂ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਇਸਦੇ ਚੱਲਣ ਨਾਲ ਲੋਕਾਂ ਨੂੰ ਸਾਢੇ 4 ਰੁਪਏ ਯੂਨਿਟ ਬਿਜਲੀ ਦਿੱਤੀ ਜਾ ਸਕਦੀ ਹੈ ਪਰ ਸਰਕਾਰ ਲੋਕਾਂ ਨੂੰ ਇਸ ਪਲਾਂਟ ਨੂੰ ਬੰਦ ਕਰਕੇ ਲੋਕਾਂ ਨੂੰ ਮਹਿੰਗੀ ਬਿਜਲੀ ਖਰੀਦਣ ਲਈ ਮਜਬੂਰ ਕਰ ਰਹੀ ਹੈ।