ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਮਾਰਚ
ਨਗਰ ਸੁਧਾਰ ਟਰੱਸਟ ਲੁਧਿਆਣਾ ਨੇ ਕੇਂਦਰ ਸਰਕਾਰ ਦੇ ਵਿਭਾਗ ਜੀਐੱਸਟੀ ਨੂੰ ਲੁਧਿਆਣਾ ਦੇ ਪੌਸ਼ ਇਲਾਕੇ ਵਿੱਚ 12.20 ਏਕੜ ਜ਼ਮੀਨ 149 ਕਰੋੜ ਰੁਪਏ ਵਿੱਚ ਵੇਚ ਦਿੱਤੀ ਹੈ। ਵਿਭਾਗ ਵੱਲੋਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ। ਜੀਐੱਸਟੀ ਵਿਭਾਗ ਨੇ ਇਹ ਜ਼ਮੀਨ ਆਪਣੇ ਦਫ਼ਤਰ ਤੇ ਰਿਹਾਇਸ਼ੀ ਕਲੋਨੀ ਬਣਾਉਣ ਖਾਤਰ ਲਈ ਹੈ। 149 ਕਰੋੜ ਰੁਪਏ ਵਿੱਚ ਵੇਚੀ ਗਈ ਇਹ ਜ਼ਮੀਨ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਦੱਸੀ ਜਾ ਰਹੀ ਹੈ। ਇਸ ਪੈਸੇ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤਾ ਜਾਵੇਗਾ। ਟਰੱਸਟ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੇ ਦੱਸਿਆ ਕਿ ਸ਼ਹਿਰ ਦੇ ਪੌਸ਼ ਇਲਾਕੇ ਸ਼ਹੀਦ ਭਗਤ ਸਿੰਘ ਨਗਰ ’ਚ 12.20 ਏਕੜ ਜ਼ਮੀਨ ਜੀਐੱਸਟੀ ਵਿਭਾਗ ਨੂੰ ਵੇਚੀ ਗਈ ਹੈ। ਜਾਣਕਾਰੀ ਮੁਤਾਬਕ ਜੀਐੱਸਟੀ ਵਿਭਾਗ ਨੇ 149 ਕਰੋੜ ਰੁਪਏ ਟਰੱਸਟ ਦੇ ਖਾਤੇ ’ਚ ਜਮ੍ਹਾ ਕਰਵਾ ਦਿੱਤੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਟਰੱਸਟ ਦੇ ਇਤਿਹਾਸ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਹੈ। ਚਾਰ ਮਾਰਚ 2022 ਨੂੰ ਸੇਲ ਐਗਰੀਮੈਂਟ ਵੀ ਕਰ ਦਿੱਤਾ ਗਿਆ ਹੈ। ਇਸ ਮੌਕੇ ਚੀਫ਼ ਕਮਿਸ਼ਨਰ ਜੀਐੱਸਟੀ ਵਿਭਾਗ ਅਰੁਣ ਨਾਰਾਇਣ ਗੁਪਤਾ, ਪ੍ਰਿੰਸੀਪਲ ਕਮਿਸ਼ਨਰ ਵਿਕਾਸ ਕੁਮਾਰ ਵੀ ਮੌਜੂਦ ਸਨ। ਇਸ ਜ਼ਮੀਨ ’ਤੇ ਵਿਭਾਗ ਵੱਲੋਂ ਆਪਣਾ ਦਫ਼ਤਰ ਬਣਾਉਣ ਦੇ ਨਾਲ-ਨਾਲ ਰਿਹਾਇਸ਼ੀ ਘਰਾਂ ਦੀ ਉਸਾਰੀ ਕੀਤੀ ਜਾਵੇਗੀ। ਇਹ ਜ਼ਮੀਨ ਲੁਧਿਆਣਾ ਦੇ ਪੱਖੋਵਾਲ ਰੋਡ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਹੈ, ਇਹ ਜ਼ਮੀਨ ਤਕਰੀਬਨ 25000 ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਵੇਚੀ ਗਈ ਹੈ।