ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਨਗਰ ਸੁਧਾਰ ਟਰੱਸਟ ਲੁਧਿਆਣਾ ਦੀ ਲੈਂਡ ਐਕਿਊਜੀਸ਼ਨ ਕੁਲੈਕਟਰ (ਐੱਲਏਸੀ) ਨੀਰੂ ਕਤਿਆਲ ਗੁਪਤਾ ਨੇ ਸਥਾਨਕ ਨਹਿਰੂ ਸਿਧਾਂਤ ਵਿੱਚ 16 ਜੂਨ ਨੂੰ ਹੋਣ ਵਾਲੇ ਮੈਗਾ ਈਵੈਂਟ ਲਈ ਅੰਤਿਮ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਅਟੱਲ ਅਪਾਰਟਮੈਂਟ ਸਕੀਮ| ਅਧੀਨ 336 ਹਾਈ ਇਨਕਮ ਗਰੁੱਪ (ਐਚ.ਆਈ.ਜੀ.) ਅਤੇ 230 ਮਿਡਲ ਇਨਕਮ ਗਰੁੱਪ (ਐਮ.ਆਈ.ਜੀ.) ਫਲੈਟਾਂ ਦੀ ਸੁਚਾਰੂ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢਣ ਦੀ ਪ੍ਰਕਿਰਿਆ ਲਈ ਵਿਭਾਗ ਪੱਬਾਂ ਭਾਰ ਹੈ। ਸ੍ਰੀਮਤੀ ਕਤਿਆਲ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਚੇਅਰਪਰਸਨ ਸੁਰਭੀ ਮਲਿਕ ਦੇ ਨਿਰਦੇਸ਼ਾਂ ਤਹਿਤ ਯੋਗ ਬਿਨੈਕਾਰਾਂ ਦੀ ਅੰਤਿਮ ਸੂਚੀ ਟਰੱਸਟ ਦੀ ਅਧਿਕਾਰਤ ਵੈੱਬਸਾਈਟ www.ludhianaimprovementtrust.org ’ਤੇ ਅਪਲੋਡ ਅਤੇ ਨੋਟਿਸ ਬੋਰਡ ’ਤੇ ਚਿਪਕਾ ਦਿੱਤੀ ਗਈ ਹੈ, ਜਿਸ ਨੂੰ ਆਮ ਲੋਕ ਦੇਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡਰਾਅ ਸਵੇਰੇ 10 ਵਜੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਆਮ ਲੋਕਾਂ ਦੀ ਹਾਜ਼ਰੀ ਵਿੱਚ ਕੱਢਿਆ ਜਾਵੇਗਾ। ਇਸੇ ਤਰ੍ਹਾਂ ਇਸ ਸਮਾਗਮ ਦੀ ਲਾਈਵ ਵੈੱਬਕਾਸਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਈਵ ਸਟ੍ਰੀਮਿੰਗ ਹੀਟਵੇਵ ਅਤੇ ਕੋਵਿਡ-19 ਮਹਾਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਰਿਹਾਇਸ਼ੀ ਪ੍ਰਾਜੈਕਟ 8.8 ਏਕੜ ਦੀ ਜ਼ਮੀਨ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਇਸ ਪ੍ਰਾਜੈਕਟ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਇਸ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸ਼ੁਰੂ ਕੀਤਾ ਜਾ ਸਕੇ।