
ਸੇਮ ਨਾਲੇ ’ਚ ਪਲਟਿਆ ਟਰੱਕ ਦੇਖਦੇ ਹੋਏ ਰਾਹਗੀਰ।
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 5 ਫਰਵਰੀ
ਬੀਤੀ ਰਾਤ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਪਸ਼ੂ ਮੇਲਾ ਗਰਾਊਂਡ ਦੇ ਸਾਹਮਣੇ ਗੱਤੇ ਦੇ ਬਣੇ ਖਿਡੌਣਿਆਂ ਨਾਲ ਭਰਿਆ ਟਰੱਕ ਸੇਮ ਨਾਲੇ ਵਿੱਚ ਪਲਟ ਗਿਆ। ਇਸ ਹਾਦਸੇ ਵਿੱਚ ਟਰੱਕ ਚਾਲਕ ਦੀ ਮੌਤ ਹੋ ਗਈ ਜਦੋਂ ਕਿ ਕੰਡਕਟਰ ਦੇ ਸੱਟਾਂ ਲੱਗੀਆਂ ਹਨ। ਹਾਦਸੇ ਬਾਰੇ ਬੱਸ ਅੱਡਾ ਚੌਕੀ ਦੇ ਇੰਚਾਰਜ ਏਐੱਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਟਰੱਕ ਚਾਲਕ ਮੰਗਲ ਸਿੰਘ ਵਾਸੀ ਪਿੰਡ ਭੱਟੀਵਾਲ (ਗੁਰਦਾਸਪੁਰ) ਅਤੇ ਕਡੰਕਟਰ ਸਰਵਣ ਸਿੰਘ ਮੁੰਬਈ ਤੋਂ ਗੱਤੇ ਦੇ ਬਣੇ ਕਾਰਟੂਨ ਲੋਢ ਕਰ ਕੇ ਮੋਗਾ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ। ਦੇਰ ਰਾਤ ਕਰੀਬ 1: 30 ਵਜੇ ਅਚਾਨਕ ਸਫਰ ਦੇ ਥਕਾਏ ਡਰਾਈਵਰ ਦੀ ਅੱਖ ਲੱਗ ਗਈ। ਬੇਕਾਬੂ ਹਾਲਤ ’ਚ ਟਰੱਕ ਮਾਰਗ ’ਤੇ ਬੈਰੀਕੇਡ ਤੋੜਦਾ ਹੋਇਆ ਸੇਮ ਨਾਲੇ ਵਿੱਚ ਡਿੱਗ ਗਿਆ। ਡਰਾਈਵਰ ਮੰਗਲ ਸਿੰਘ ਹਾਦਸਾ ਵਾਪਰਨ ਸਮੇਂ ਟਰੱਕ ਦੀ ਬਾਰੀ ਖੁੱਲ੍ਹਣ ਕਾਰਨ ਬਾਹਰ ਡਿੱਗ ਗਿਆ ਅਤੇ ਸੇਮ ਨਾਲੇ ਦੇ ਗੰਦੇ ਪਾਣੀ ’ਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ। ਦੂਸਰੇ ਪਾਸੇ ਕਡੰਕਟਰ ਸਰਵਣ ਸਿੰਘ ਗੱਡੀ ’ਚ ਹੀ ਫਸ ਗਿਆ ਅਤੇ ਉਸ ਦਾ ਬਚਾਅ ਹੋ ਗਿਆ ਉਸ ਨੂੰ ਸੱਟਾਂ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਹੈ।
ਪੁਲੀਸ ਨੇ ਮੰਗਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਸਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਡਰਾਈਵਰ ਦੀ ਲਾਸ਼ ਦਾ ਪੋਸਟਮਾਰਮ ਸਥਾਨਕ ਸਿਵਲ ਹਸਪਤਾਲ ਤੋਂ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ