ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 2 ਨਵੰਬਰ
ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਪੇਂਡੂ ਮਜ਼ਦੂਰ ਯੂਨੀਅਨ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਚੌਕੀਮਾਨ ਟੌਲ ’ਤੇ ਧਰਨਾ ਅੱਜ ਵੀ ਜਾਰੀ ਰਿਹਾ। ਇਕੱਤਰਤਾ ਨੂੰ ਸੰਬੋਧਨ ਕਰਦਿਆ ਮਾ. ਜਸਦੇਵ ਸਿੰਘ ਲਲਤੋਂ, ਅਵਤਾਰ ਸਿੰਘ ਰਸੂਲਪੁਰ, ਆਤਮਾ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਸੇਖੋਂ, ਅਜਮੇਰ ਸਿੰਘ ਤਲਵੰਡੀ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਜੋ ਕਿ ਲਖੀਮਪੁਰ ਕਤਲੇਆਮ ਦਾ ਮੁੱਖ ਸ਼ਾਜਿਸਘਾੜਾ ਹੈ। ਇਕੱਤਰਤਾ ’ਚ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੂੰ ਸੱਤਾਧਾਰੀ ਆਗੂਆਂ ਦੀ ਮਿਲੀਭੁਗਤ ਨਾਲ ਬੀਡੀਪੀਓ ਦਫ਼ਤਰ ਵੱਲੋਂ ਨੋਟਿਸ ਕੱਢਣ ਦੀ ਨਿੰਦਾ ਕਰਦਿਆਂ ਐਲਾਨ ਕੀਤਾ ਕਿ ਜੇਕਰ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡੀਏਪੀ ਅਤੇ ਲੋੜੀਦੀਆਂ ਖਾਦਾਂ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ ਗਈ। ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਖਾਦ ਸੰਕਟ ਦਾ ਫੌਰੀ ਹੱਲ ਨਾ ਹੋਇਆ ਤਾਂ ਏਆਰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ ਗੁੜੇ, ਜਸਵੰਤ ਸਿੰਘ, ਗੁਰਮੇਲ ਸਿੰਘ ਢੱਟ, ਬਖਤੌਰ ਸਿੰਘ ਸੇਖੂਪੁਰਾ, ਹਰੀ ਸਿੰਘ ਆਦਿ ਹਾਜ਼ਰ ਸਨ।