ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਅਕਤੂਬਰ
ਠਾਠ ਨਾਨਕਸਰ ਕਲੇਰਾਂ ਵਿੱਚ ਬ੍ਰਹਮ ਗਿਆਨੀ ਬਾਬਾ ਈਸ਼ਰ ਸਿੰਘ ਦੇ 58ਵੀਂ ਬਰਸੀ ਸਮਾਗਮਾਂ ਵਿੱਚ ਨਤਮਸਤਕ ਹੋਣ ਲਈ ਜਾ ਰਹੀ ਸੰਗਤ ਨਾਲ ਭਰੀ ਇੱਕ ਟਰਾਲੀ ਪਲਟ ਗਈ। ਜਾਣਕਾਰੀ ਮੁਤਾਬਕ ਇਸ ਟਰਾਲੀ ਵਿੱਚ ਸਵਾਰ ਕਰੀਬ 20 ਤੋਂ 22 ਔਰਤਾਂ ਅਤੇ ਮਰਦਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸੰਗਤਾਂ ਨੇ ਸਥਾਨਕ ਸਿਵਲ ਹਸਪਤਾਲ ਭਰਤੀ ਕਰਵਾਇਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੜਾ ਭਿਆਨਕ ਸੀ ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬਰਸੀ ਸਮਾਗਮ ਦੇ ਲੰਗਰਾਂ ਦੇ ਪ੍ਰਬੰਧਕਾਂ ਅਤੇ ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਸੰਗਤ ਮਹਿਲ ਕਲਾਂ ਤੋਂ ਨਾਨਕਸਰ ਆ ਰਹੀ ਸੀ ਕਿ ਪਿੰਡ ਕਾਉਂਕੇ ਕਲਾਂ ਕੋਲ ਟਰਾਲੀ ਖੇਤਾਂ ’ਚ ਪਲਟ ਗਈ।
ਆਲੇ-ਦੁਆਲੇ ਦੇ ਲੋਕਾਂ ਅਤੇ ਹੋਰ ਸੰਗਤ ਨੇ ਟਰਾਲੀ ਹੇਠੋਂ ਲੋਕਾਂ ਨੂੰ ਬਾਹਰ ਕੱਢਿਆ ਅਤੇ ਸਥਾਨਕ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ। ਹਸਪਤਾਲ ਦੇ ਅਮਲੇ ਅਨੁਸਾਰ ਮਰੀਜ਼ਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।