ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 16 ਅਗਸਤ
ਆਜ਼ਾਦੀ ਦਿਵਸ ਸਬੰਧੀ ਸਥਾਨਕ ਅਨਾਜ ਮੰਡੀ ਵਿੱਚ ਸਰਕਾਰੀ ਸਮਾਗਮ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਵੀ ਵੱਖ-ਵੱਖ ਥਾਵਾਂ ਉੱਪਰ ਅਜ਼ਾਦੀ ਦੇ ਜਸ਼ਨ ਮਨਾਏ। ਦੁਕਾਨਦਾਰਾਂ ਵੱਲੋਂ ਸਾਂਝੇ ਤੌਰ ’ਤੇ ਮਹਾਂਵੀਰ ਜੈਨ ਬਾਜ਼ਾਰ ਦੇ ਮੁੱਖ ਚੌਕ ਵਿੱਚ ਸਾਦਾ ਸਮਾਗਮ ਦੌਰਾਨ ਕੌਮੀ ਝੰਡਾ ਝੁਲਾਇਆ ਗਿਆ, ਝੰਡਾ ਲਹਿਰਾਉਣ ਦੀ ਰਸਮ ਪ੍ਰਸਿੱਧ ਕੱਪੜਾ ਵਪਾਰੀ ਅਨਿਲ ਜੈਨ ਭੋਲਾ ਨੇ ਨਿਭਾਈ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਨੂੰ ਦਰਪੇਸ਼ ਚੁਣੌਤੀਆਂ ਦਾ ਇੱਕਜੁੱਟ ਹੋ ਕੇ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਸ਼ਹਿਰ ਵਾਸੀ ਦੁਕਾਨਦਾਰਾਂ ਨੇ ਓਮ ਦੱਤ ਸ਼ਰਮਾ, ਸਿਕੰਦਰ ਜੈਨ, ਗੁਲਸ਼ਨ ਜੈਨ, ਮਾਸਟਰ ਕ੍ਰਿਸ਼ਨ ਜੈਨ, ਦਿਨੇਸ਼ ਸੋਨੂੰ, ਮੰਗਤ ਰਾਏ ਵਰਮਾ, ਰਿਸ਼ੀ ਜੈਨ, ਬਲਵੀਰ ਜੈਨ, ਕਪਿਲ ਗਰਗ, ਮਨੋਹਰ ਲਾਲ, ਸੰਜੂ ਜੈਨ ਅਤੇ ਮਨੋਜ ਜੈਨ ਦੀ ਅਗਵਾਈ ਵਿਚ ਸ਼ਹਿਰ ਦੇ ਮੁੱਖ ਤਲਵੰਡੀ ਬਾਜ਼ਾਰ, ਲੇਬਰ ਚੌਕ ਅਤੇ ਥਾਣਾ ਬਾਜ਼ਾਰ ਵਿੱਚ ਤਿਰੰਗਾ ਮਾਰਚ ਕਰ ਕੇ ਮੁੱਖ ਬਾਜ਼ਾਰ ਵਿਚ ਸਮਾਪਤੀ ਕੀਤੀ ਗਈ।