ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਰੇਲਵੇ ਪਾਰਕ ਅਤੇ ਚੌਂਕੀਮਾਨ ਟੌਲ ਪਲਾਜ਼ਾ ’ਤੇ ਲਾਏ ਪੱਕੇ ਧਰਨਿਆਂ ਤੋਂ ਇਲਾਵਾ ਹਲਕਾ ਦਾਖਾ ਅਤੇ ਜਗਰਾਉਂ ਦੇ ਪਿੰਡ-ਪਿੰਡ ਸ਼ਹੀਦਾਂ ਦੀ ਯਾਦ ’ਚ ਸਮਾਗਮ ਕਰਵਾਏ ਗਏ। ਰੇਲਵੇ ਪਾਰਕ ਧਰਨੇ ’ਚ ਦੋ ਦਰਜਨ ਦੇ ਕਰੀਬ ਪਿੰਡਾਂ ਵਿੱਚੋਂ ਟਰਾਲੀਆਂ, ਕਾਰਾਂ ਅਤੇ ਮੋਟਰਸਾਈਕਲਾਂ ’ਤੇ ਪੁੱਜੇ ਕਿਰਤੀਆਂ ਨੇ ਸਭ ਤੋਂ ਪਹਿਲਾਂ ਦੋ-ਮਿੰਟ ਦਾ ਮੌਨ ਧਾਰਨ ਕਰ ਕਿਸਾਨੀ ਸੰਘਰਸ਼ ਤੋਂ ਜਾਨਾਂ ਵਾਰ ਗਏ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਮਗਰੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਵਿਛੜੇ ਕਿਰਤੀਆਂ ਨਮਿਤ ਅਰਦਾਸ ਕੀਤੀ। ਇਸ ਦੌਰਾਨ ਫੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਜਸਬੀਰ ਸਿੰਘ ਅਕਾਲਗੜ੍ਹ, ਕੁਲਵਿੰਦਰ ਸਿੰਘ ਗਰੇਵਾਲ, ਕੰਵਲਜੀਤ ਖੰਨਾ, ਮਹਿੰਦਰ ਕਮਾਲਪੁਰਾ, ਇੰਦਰਜੀਤ ਧਾਲੀਵਾਲ ਤੇ ਟਹਿਲ ਸਿੰਘ ਨੇ ਆਖਿਆ ਕਿ ਹੁਣ ਸਮਾਂ ਹੈ ਰਾਮਦੇਵ, ਅੰਬਾਨੀ, ਅਡਾਨੀ ਵੱਲੋਂ ਤਿਆਰ ਕੀਤੀਆਂ ਵਸਤਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਹੈ। ਇਸ ਸਮਾਗਮ ਦੌਰਾਨ ਛੋਟੀ ਬੱਚੀ ਗੁਰਮਨਦੀਪ ਮਲਕ ਨੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਵੱਡੇ ਇਕੱਠ ਨੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਧਰਨੇ ਨੂੰ ਸਤਨਾਮ ਮੋਰਕਰੀਮਾਂ, ਗੁਰਮੇਲ ਭਰੋਵਾਲ, ਜੋਗਿੰਦਰ ਆਜ਼ਾਦ, ਅਵਤਾਰ ਰਸੂਲਪੁਰ, ਜਗਤ ਲੀਲਾਂ, ਰਾਮਸਰਨ ਮੱਲਾ ਤੇ ਡਾ.ਸੁਖਦੇਵ ਭੂੰਦੜੀ ਨੇ ਸੰਬੋਧਨ ਕੀਤਾ।
ਲੁਧਿਆਣਾ (ਸਤਵਿੰਦਰ ਬਸਰਾ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਹਿੱਤ ਅੱਜ ਲੁਧਿਆਣਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਦੋ ਮਤੇ ਪਾਸ ਕਰਕੇ ਅਡਾਨੀਆਂ-ਅੰਬਾਨੀਆਂ ਦੇ ਮਾਫ ਕੀਤੇ ਕਰਜ਼ੇ ਦੁਬਾਰਾ ਵਸੂਲਣ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੇਣ ਦੀ ਮੰਗ ਕੀਤੀ ਗਈ। ਇਸ ਸਮਾਗਮ ਨੂੰ ਜਸਵੰਤ ਜੀਰਖ, ਕਰਨਲ ਜੇਐੱਸ ਬਰਾੜ, ਸਤੀਸ਼ ਸਚਦੇਵਾ, ਰਾਕੇਸ਼ ਆਜ਼ਾਦ, ਪ੍ਰਿੰ. ਅਜਮੇਰ ਦਾਖਾ ਨੇ ਸੰਬੋਧਨ ਕੀਤਾ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਦਿੱਲੀ ਦੀਆਂ ਸਰਹੱਦਾਂ ਉੱਪਰ ਸ਼ਾਂਤਮਈ ਕਿਸਾਨ ਮੋਰਚੇ ਵਿਚ ਫੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕਸਬਾ ਜੋਧਾਂ ਵਿਚ ਗੁਰਦੁਆਰਾ ਦਮਦਮਾ ਸਾਹਿਬ ਵਿਚ ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਸ਼ਰਧਾਂਜਲੀ ਸਮਾਗਮ ਹੋਇਆ। ਸਮਾਗਮ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਮੌਲਵੀ ਮੁਹੰਮਦ ਤਾਹਿਰ ਅਤੇ ਹਿੰਦੂ ਭਾਈਚਾਰੇ ਵੱਲੋਂ ਪੰਡਤ ਸਮੁੰਦਰ ਰਾਮ ਨੇ ਵੀ ਪ੍ਰਾਰਥਨਾ ਕੀਤੀ ਅਤੇ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਵੀ ਪਾਏ ਗਏ। ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਧਾਰਨ ਕੀਤੀ ਹਠਧਰਮੀ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਬੀਬੀ ਮਨਜੀਤ ਕੌਰ ਅਤੇ ਰਮਨ ਸੰਧੂ ਰਾਹੀਂ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਮੋਰਚੇ ਵਿਚ ਜਾਣ ਵਾਲੇ ਲੋਕਾਂ ਲਈ ਇਕਵੰਜਾ ਹਜ਼ਾਰ ਰੁਪਏ ਸਹਾਇਤਾ ਭੇਜੀ ਗਈ। ਪਿੰਡ ਗੁੱਜਰਵਾਲ, ਨਾਰੰਗਵਾਲ, ਝਾਂਡੇ, ਧੂਰਕੋਟ ਆਦਿ ਪਿੰਡਾਂ ਵਿੱਚ ਵੀ ਸ਼ਰਧਾਂਜਲੀ ਸਮਾਗਮ ਕਰਵਾਏ ਗਏ । ਇਸੇ ਤਰ੍ਹਾਂ ਹਿੱਸੋਵਾਲ ਟੌਲ ਪਲਾਜ਼ਾ ’ਤੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਅੱਜ ਦਿੱਲੀ ਸੰਘੂ ਬਾਰਡਰ ’ਤੇ ਪਿਛਲੇ 5 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਅਤੇ ਹੋਰ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਕਿਸਾਨ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਇਥੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਅੱਜ ਫੌਤ ਹੋਏ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਪਿੰਡ-ਪਿੰਡ, ਤਹਿਸੀਲ ਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸ਼ੋਕ ਸਭਾਵਾਂ ਕੀਤੀਆਂ ਗਈਆਂ।
ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ: ਬੈਂਸ
ਲੁਧਿਆਣਾ (ਗੁਰਿੰਦਰ ਸਿੰਘ): ਲੋਕ ਇਨਸਾਫ ਪਾਰਟੀ ਨੇ ਕਿਸਾਨ ਜਥੇਬੰਦੀਆਂ ਦੇ ਦਿੱਤੇ ਸਦੇ ’ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸੰਤ ਬਾਬਾ ਰਾਮ ਸਿੰਘ ਜੀ ਸੀਂਘੜੇ ਵਾਲਿਆਂ ਸਮੇਤ ਹੋਰ ਲਗਪਗ 24 ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਗੁਰਦੁਆਰਾ ਕੋਟ ਮੰਗਲ ਸਿੰਘ ਨਗਰ ਵਿੱਚ ਹੋਏ ਸਮਾਗਮ ਦੌਰਾਨ ਕਿਸਾਨ ਸੰਘਰਸ਼ ਦੀ ਜਿੱਤ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਮੰਗ ਕੀਤੀ ਕਿ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੰਦੇ ਹੋਏ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਪੰਜਾਬੀ ਭਵਨ ਵਿੱਚ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ’ਤੇ ਪੰਜਾਬੀ ਭਵਨ ਲੁਧਿਆਣਾ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿੱਚ ਫੌਤ ਹੋਏ ਕਿਸਾਨਾਂ ਨੂੰ ਸਮਰਪਿਤ ਇਕੱਤਰਤਾ ਗ਼ਜ਼ਲ ਮੰਚ ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਸਾਝੇਂ ਤੌਰ ’ਤੇ ਕੀਤੀ ਗਈ। ਇਸ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਸਰਦਾਰ ਪੰਛੀ, ਜੋ ਪੰਜਾਬੀ ਦੇ ਨਾਲ-ਨਾਲ ਉਰਦੂ ਦੇ ਵੀ ਸੀਨੀਅਰ ਸਾਹਿਤਕਾਰ ਹਨ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਉਪ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸਣੇ ਸੰਘ ਦੇ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬੀ ਦੇ ਨਿਵੇਕਲੇ ਸ਼ਾਇਰ ਭਗਵਾਨ ਢਿੱਲੋਂ, ਗਜ਼ਲ ਮੰਚ ਦੇ ਜਨਰਲ ਸਕੱਤਰ ਤਰਲੋਚਨ ਝਾਂਡੇ ਅਤੇ ਜਗੀਰ ਸਿੰਘ ਪ੍ਰੀਤ ਨੇ ਕੀਤੀ। ਇਸ ਮੌਕੇ ਦੋ ਮਿੰਟ ਮੌਨ ਧਾਰਕੇ ਕਿਸਾਨ ਸੰਘਰਸ਼ ਦੇ 24 ਦੇ ਕਰੀਬ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਇਤਿਹਾਸ ਦੇ ਇਸ ਨਾਜ਼ੁਕ ਮੋੜ ’ਤੇ ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਸਰਦਾਰ ਪੰਛੀ ਨੇ ਕਿਹਾ ਉਨ੍ਹਾਂ ਦੇ ਤਜਰਬੇ ਵਿੱਚ ਇਹ ਪਹਿਲਾ ਵਿਲੱਖਣ ਅਤੇ ਕਾਮਯਾਬ ਸੰਘਰਸ਼ ਹੈ। ਇਸ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਮੰਚ ਦੀ ਸਾਂਝੀ ਮੀਟਿੰਗ ਵਿਚ ਵੱਡੀ ਗਿਣਤੀ ਵਿੱਚ ਸਾਹਿਤਕਾਰ ਸ਼ਾਲਮ ਹੋਏ, ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਉੱਘੇ ਸਾਹਿਤਕ ਗੀਤਾਂ ਦੇ ਰਚੇਤਾ ਹਰਬੰਸ ਮਾਲਵਾ, ਕਰਮਜੀਤ ਗਰੇਵਾਲ, ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਗ਼ਜ਼ਲਗੋ ਕੁਲਵਿੰਦਰ ਕਿਰਨ, ਡਾ.ਗੁਰਚਰਨ ਕੌਰ ਕੋਚਰ, ਬਲਬੀਰ ਜਸਵਾਲ, ਸ਼ਰਨਜੀਤ ਮਣਕੂ, ਪਰਮਜੀਤ ਲੁਧਿਆਣਾ, ਜਗਪ੍ਰੀਤ ਕੌਰ, ਬਲਵਿੰਦਰ ਕਾਲੀਆ, ਚਿੰਤਕ ਬਲਕੌਰ ਸਿੰਘ ਗਿੱਲ , ਇੰਜਨੀਅਰ ਸੁਰਜਣ ਸਿੰਘ, ਰਘਵੀਰ ਸੰਧੂ ਤੇ ਜੈਕਿਸ਼ਨ ਸਿੰਘ ਬੀਰ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਤ ਰਚਨਾਵਾਂ ਸੁਣਾਈਆਂ। ਅੰਤ ਵਿੱਚ ਜਨਮੇਜਾ ਸਿੰਘ ਜੌਹਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਤੋਂ ਇਲਾਵਾ ਇਕੱਤਰਤਾ ਵਿਚ ਨਾਵਲਕਾਰ ਮਿਤਰਸੈਨ ਮੀਤ ਵੀ ਸ਼ਾਮਲ ਹੋਏ।