ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 20 ਅਕਤੂਬਰ
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਕੌਮਾਗਾਟਾ ਮਾਰੂ ਯਾਦਗਾਰ ਕਮੇਟੀ ਦੀ ਸਰਪ੍ਰਸਤੀ ਹੇਠ ਦੇਸ਼ ਭਗਤ ਯਾਦਗਾਰ ਕਮੇਟੀ ਬੱਦੋਵਾਲ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਦੇਸ਼-ਭਗਤ ਗ਼ਦਰੀ ਯੋਧੇ ਅਤੇ ਆਜ਼ਾਦ ਹਿੰਦ ਫ਼ੌਜ ਦੇ ਜਰਨੈਲ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਦੀ 143ਵੀਂ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਖ਼ਜ਼ਾਨਚੀ ਰਣਜੀਤ ਸਿੰਘ ਔਲਖ, ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਉਜਾਗਰ ਸਿੰਘ ਬੱਦੋਵਾਲ, ਪ੍ਰਕਾਸ਼ ਸਿੰਘ ਹਿੱਸੋਵਾਲ, ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕੀਤੀ। ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਦੀ ਯਾਦਗਾਰ ਉੱਪਰ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਵਿਚ ਸ਼ਾਮਲ ਲੋਕਾਂ ਨੇ ਮੋਨ ਧਾਰ ਕੇ ਗ਼ਦਰੀ ਯੋਧੇ ਨੂੰ ਸ਼ਰਧਾਂਜਲੀ ਭੇਟ ਕੀਤੀ। ਕਮਲ ਸਿੰਘ ਬੱਦੋਵਾਲ ਦੇ ਕਵੀਸ਼ਰੀ ਜਥੇ ਨੇ ਇਨਕਲਾਬੀ ਕਵੀਸ਼ਰੀਆਂ ਨਾਲ ਰੰਗ ਬੰਨ੍ਹਿਆ। ਅਮਰੀਕ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ ਅਤੇ ਨਰਿੰਦਰ ਸਿੰਘ ਲਲਤੋਂ ਕਲਾਂ ਨੇ ਲੋਕ ਪੱਖੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।