ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਜੁਲਾਈ
ਖੇਤੀ ਕਾਨੂੰਨਾਂ ਖ਼ਿਲਾਫ਼ 277ਵੇਂ ਦਿਨ ’ਚ ਦਾਖਲ ਹੋਏ ਸਥਾਨਕ ਰੇਲਵੇ ਪਾਰਕ ਦੇ ਕਿਸਾਨ ਸੰਘਰਸ਼ ਮੋਰਚੇ ’ਚ ਸਭ ਤੋਂ ਪਹਿਲਾਂ 1939 ’ਚ ਅੱਜ ਦੇ ਦਿਨ ਟਾਟਾਨਗਰ ’ਚ ਮਜ਼ਦੂਰ ਹੱਕਾਂ ਲਈ ਸੰਘਰਸ਼ ਕਰਦੇ ਮਿੱਲ ਮਾਲਕਾਂ ਵੱਲੋਂ ਟਰੱਕ ਹੇਠਾਂ ਦਰੜ ਕੇ ਸ਼ਹੀਦ ਕਰ ਦਿੱਤੇ ਗਏ ਕਾਮਰੇਡ ਹਜ਼ਾਰਾ ਸਿੰਘ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਕਾਮਰੇਡ ਹਜ਼ਾਰਾ ਸਿੰਘ ਨੇ ਅੰਗਰੇਜ਼ੀ ਰਾਜ ਸਮੇਂ ਸਾਮਰਾਜੀ ਗੋਰਿਆਂ ਖ਼ਿਲਾਫ਼ ਅਨੇਕਾਂ ਸੰਘਰਸ਼ਾਂ ’ਚ ਭਾਗ ਲਿਆ ਸੀ। ਅੱਜ ਸਾਬਕਾ ਮੁਲਾਜ਼ਮ ਆਗੂ ਜਗਦੀਸ਼ ਸਿੰਘ ਦੀ ਅਗਵਾਈ ’ਚ ਚੱਲੇ ਧਰਨੇ ’ਚ ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ ਨੇ ਬੀਤੇ ਦਿਨੀਂ ਮਹਾਰਾਸ਼ਟਰ ਦੇ ਚੀਨੀ ਕਿੰਗ ਸ਼ਰਦ ਪਵਾਰ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ’ਚ ਦਿੱਤੇ ਬਿਆਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਬੀਤੇ ਵਰ੍ਹਿਆਂ ’ਚ ਇਸ ਨੇਤਾ ਨੇ ਹੀ ਖੰਡ ਉਤਪਾਦਕਾਂ ਦਾ ਸਿੰਡੀਕੇਟ ਬਣਾ ਕੇ ਖੰਡ 80 ਰੁਪਏ ਕਿਲੋ ਵੇਚ ਕੇ ਆਮ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ ਸੀ। ਉਨ੍ਹਾਂ ਕਿਹਾ ਕਿ ਐਨਸੀਪੀ ਮੁਖੀ ਦੀ ਮੰਦਭਾਗੀ ਬਿਆਨਬਾਜ਼ੀ ਨੇ ਉਨ੍ਹਾਂ ਦਾ ਕਾਰਪੋਰੇਟ ਪੱਖੀ ਚਿਹਰਾ ਨੰਗਾ ਕਰ ਦਿੱਤਾ ਹੈ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਮਲਕ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 8 ਜੁਲਾਈ ਨੂੰ ਡੀਜ਼ਲ ਤੇਲ, ਰਸੋਈ ਗੈਸ ਅਤੇ ਰਸੋਈ ’ਚ ਵਰਤੋਂ ਵਾਲੀਆਂ ਵਸਤਾਂ ਦੀਆਂ ਕੀਮਤਾਂ ’ਚ ਹੋ ਰਹੇ ਨਿਰੰਤਰ ਵਾਧੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ ’ਚ ਸਵੇਰੇ 10 ਵਜੇ ਰੇਲਵੇ ਪਾਰਕ ’ਚ ਵਿਸ਼ਾਲ ਇਕੱਠ ਕਰਕੇ ਰੋਸ ਪ੍ਰਦਰਸ਼ਨ ਹੋਵੇਗਾ।