ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 30 ਅਗਸਤ
ਇਥੇ ਰੇਲਵੇ ਪਾਰਕ ’ਚ ਚੱਲ ਰਹੇ ਕਿਸਾਨ ਮੋਰਚੇ ਦੇ 333ਵੇਂ ਦਿਨ ਅੱਜ ਸਭ ਤੋਂ ਪਹਿਲਾਂ ਧਰਨਾਕਾਰੀਆਂ ਨੇ ਬੀਤੇ ਦਿਨ ਕਰਨਾਲ ਟੌਲ ’ਤੇ ਪੁਲੀਸ ਦੇ ਜਬਰ ਦਾ ਸ਼ਿਕਾਰ ਹੋਏ ਕਿਸਾਨ ਸੁਸ਼ੀਲ ਕੁਮਾਰ ਸਕਾਜਲ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਕਿਸਾਨ ਆਗੂ ਦਰਸ਼ਨ ਸਿੰਘ ਗਾਲਬਿ ਨੇ ਕਿਹਾ ਕਿ ਦੇਸ਼ ਭਰ ’ਚ ਇਸ ਜਬਰ ਖ਼ਿਲਾਫ਼ ਦੋ ਘੰਟੇ ਲਈ ਟ੍ਰੈਫਿਕ ਜਾਮ ਕਰਕੇ ਖੱਟਰ ਸਰਕਾਰ ਨੂੰ ਇਸ ਜਬਰ ਦਾ ਸਬਰ ਨਾਲ ਮੁਕਾਬਲਾ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰਨਾਲ ਟੌਲ ’ਤੇ ਪੁਲੀਸ ਜਬਰ ਦੇ ਜ਼ਿੰਮੇਵਾਰ ਕਰਨਾਲ ਦੇ ਐੱਸਡੀਐੱਮ ਨੂੰ ਨੌਕਰੀ ਤੋਂ ਬਰਖ਼ਾਸਤ ਕਰਾਉਣ ਅਤੇ ਕਤਲ ਦਾ ਮੁਕੱਦਮਾ ਦਰਜ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਕਿਸਾਨ ਕਾਲੇ ਕਾਨੂੰਨ ਰੱਦ ਕਰਾਉਣ ਲਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਤਾਂ ਮੌਕਾਪ੍ਰਸਤ ਸਿਆਸੀ ਟੋਲੇ ਪਿੰਡਾਂ ’ਚ ਵਰ੍ਹਿਆਂ ਬਾਅਦ ਉਸ ਦੀ ਭਾਈਚਾਰਕ ਏਕਤਾ ਨੂੰ ਤਾਰਪੀਡੋ ਕਰਨ ਲਈ, ਲੋਕਾਂ ’ਚ ਧੜੇਬੰਦੀਆਂ ਖੜ੍ਹੀਆਂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਕਿਸਾਨ ਆਗੂ ਧਰਮ ਸਿੰਘ ਸੂਜਾਪੁਰ, ਸਾਬਕਾ ਮੁਲਾਜ਼ਮ ਆਗੂ ਹਰਭਜਨ ਸਿੰਘ ਦੌਧਰ ਅਤੇ ਜਗਦੀਸ਼ ਸਿੰਘ ਨੇ ਕਿਹਾ ਕਿ 5 ਸਤੰਬਰ ਦੀ ਉੱਤਰ ਪ੍ਰਦੇਸ਼ ਦੀ ਮੁਜ਼ੱਫਰਪੁਰ ਰੈਲੀ ਅਤੇ 25 ਸਤੰਬਰ ਦਾ ਭਾਰਤ ਬੰਦ ਮੋਦੀ ਹਕੂਮਤ ਦੀ ਤਾਨਾਸ਼ਾਹੀ ਲਈ ਇਕ ਵੱਡੀ ਵੰਗਾਰ ਬਣੇਗਾ। ਇਸ ਮੌਕੇ ਮਜ਼ਦੂਰ ਆਗੂ ਮਦਨ ਸਿੰਘ ਨੇ ਕਿਹਾ ਕਿ 31 ਅਗਸਤ ਨੂੰ ਸ਼ਹੀਦ ਬਲਕਰਨ ਸਿੰਘ ਲੋਧੀਵਾਲ ਦੇ ਆਸ਼ਰਿਤ ਪਰਿਵਾਰ ਲਈ ਸਰਕਾਰੀ ਸਹਾਇਤਾ ਦਾ ਚੈੱਕ ਜਾਰੀ ਕਰਾਉਣ ਅਤੇ ਸ਼ਹੀਦ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਸਰਕਾਰੀ ਨੌਕਰੀਆਂ ਦੇਣ ’ਚ ਕੀਤੀ ਜਾ ਰਹੀ ਢਿੱਲਮੱਠ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਕਰਨੈਲ ਸਿੰਘ ਭੋਲਾ, ਬਲਦੇਵ ਸਿੰਘ ਫ਼ੌਜੀ, ਸੁਖਦੇਵ ਸਿੰਘ ਗਾਲਬਿ ਹਾਜ਼ਰ ਸਨ।