ਸੰਤੋਖ ਗਿੱਲ
ਗੁਰੂਸਰ ਸੁਧਾਰ 26 ਜੁਲਾਈ
ਪਾਕਿਸਤਾਨੀ ਘੁਸਪੈਠੀਆਂ ਨਾਲ ਲੋਹਾ ਲੈਂਦਿਆਂ ਜੰਮੂ-ਕਸ਼ਮੀਰ ਦੇ ਕਾਰਗਿਲ ਸੈਕਟਰ ਵਿੱਚ ਸ਼ਹੀਦ ਹੋਏ ਫ਼ੌਜੀਆਂ ਨੂੰ ਯਾਦ ਕਰਦਿਆਂ ਲੁਧਿਆਣਾ-ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ-ਰਕਬਾ ਟੌਲ ਪਲਾਜ਼ਾ ਉੱਪਰ ਲੜੀਵਾਰ ਕਿਸਾਨ ਧਰਨੇ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਕਿਸਾਨੀ ਧਰਨੇ ਵਿੱਚ ਸਾਬਕਾ ਫ਼ੌਜੀਆਂ ਦੀ ਸੰਸਥਾ ਐਕਸ-ਸਰਵਿਸ ਮੈਨ ਵੈੱਲਫੇਅਰ ਐਸੋਸੀਏਸ਼ਨ ਨਵੀਂ ਅਬਾਦੀ ਅਕਾਲਗੜ੍ਹ ਨੇ ਸਮਾਗਮ ਵਿੱਚ ਭਾਗ ਲਿਆ। ਇਸੇ ਤਰ੍ਹਾਂ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਜੰਤਰ-ਮੰਤਰ ਦੀ ਤਰਜ਼ ’ਤੇ ਦੋ- ਰੋਜ਼ਾ ਸਰਕਾਰੀ ਛੁੱਟੀ ਬਾਅਦ ਅੱਜ ਵੀ ਕਿਸਾਨ ਸੰਸਦ ਜਾਰੀ ਰਹੀ। ਬੀਬੀ ਰਜਿੰਦਰ ਕੌਰ ਸਪੀਕਰ ਅਤੇ ਬੀਬੀ ਮਹਿੰਦਰ ਕੌਰ ਡਿਪਟੀ ਸਪੀਕਰ ਦੀ ਚੋਣ ਉਪਰੰਤ ਵਿਧੀਵਤ ਢੰਗ ਨਾਲ ਸੰਸਦ ਸ਼ੁਰੂ ਕੀਤੀ ਗਈ। ਅੰਦੋਲਨਕਾਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਿਸਾਨੀ ਮੁੱਦਿਆਂ ਉੱਪਰ ਬਹਿਸ ਵਿਚ ਭਾਗ ਲੈਂਦਿਆਂ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੋਹੀ, ਹਰਨੇਕ ਸਿੰਘ ਗੁੱਜਰਵਾਲ ਅਤੇ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਤਿੰਨ ਵਿਵਾਦਿਤ ਖੇਤੀ ਕਾਨੂੰਨ ਖੇਤੀ ਦੇ ਧੰਦੇ ਨੂੰ ਤਬਾਹ ਕਰ ਦੇਣਗੇ, ਮਹਿੰਗਾਈ, ਬੇਰੁਜ਼ਗਾਰੀ, ਅਨਪੜ੍ਹਤਾ, ਭੁੱਖਮਰੀ ਅਤੇ ਗ਼ਰੀਬੀ ਵੀ ਪੈਦਾ ਕਰਨਗੇ। ਉਨ੍ਹਾਂ ਮੋਦੀ ਸਰਕਾਰ ਨੂੰ ਖ਼ਬਰਦਾਰ ਕੀਤਾ ਕਿ ਹੁਣ ਕਾਨੂੰਨ ਵਾਪਸ ਲੈਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ।
ਕਿਸਾਨ ਸੰਸਦ ’ਚ ਸਿਰਜੇ ਜਾ ਰਹੇ ਇਤਿਹਾਸ ਤੋਂ ਕਿਸਾਨ ਮੋਰਚਾ ਬਾਗੋ-ਬਾਗ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਦਿੱਲੀ ਦੇ ਜੰਤਰ ਮੰਤਰ ’ਤੇ ਚੱਲ ਰਹੀ ਕਿਸਾਨ ਸੰਸਦ ਨੇ ਕਿਸਾਨਾਂ ’ਚ ਸੰਘਰਸ਼ ਦੀ ਨਵੀਂ ਰੂਹ ਫੂਕੀ ਹੈ ਅਤੇ ਸਰਕਾਰ ਦੀ ਫੂਕ ਕੱਢੀ ਹੈ। ਤੀਜੇ ਦਿਨ ਦੀ ਕਿਸਾਨ ਸੰਸਦ ’ਚ ਨੇ ਮੁੜ ਇਤਿਹਾਸ ਸਿਰਜਿਆ ਜਿਸ ਦਾ ਸਿਹਰਾ ’ਚ ਸ਼ਾਮਲ 200 ਕਿਸਾਨ ਔਰਤਾਂ ਦੇ ਸਿਰ ਹੈ। ਇਥੇ ਰੇਲਵੇ ਪਾਰਕ ’ਚ ਕਿਸਾਨ ਮੋਰਚੇ ਦੇ 298ਵੇਂ ਦਿਨ ਆਗੂਆਂ ਨੇ ਕਿਹਾ ਕਿ ਇਸ ਕਿਸਾਨ ਸੰਸਦ ਤੋਂ ਸੰਘਰਸ਼ ਮੋਰਚਾ ਬਾਗੋ ਬਾਗ ਹੈ। ਮਾਸਟਰ ਧਰਮ ਸਿੰਘ ਸੂਜਾਪੁਰ ਦੀ ਮੰਚ ਸੰਚਾਲਨਾ ਹੇਠ ਲਖਵੀਰ ਸਿੰਘ ਸਿੱਧੂ ਦੇ ਇਨਕਲਾਬੀ ਗੀਤਾਂ ਨਾਲ ਸ਼ੁਰੂ ਹੋਏ ਧਰਨੇ ਦੌਰਾਨ ਸਭ ਤੋਂ ਪਹਿਲਾਂ ਧਰਨਾਕਾਰੀਆਂ ਨੇ ਪੰਜਾਬ ਦੀ ਜਮਹੂਰੀ ਲਹਿਰ ਦੇ ਨਿਧੜਕ ਆਗੂ ਸ਼ਬਦਬਾਣ ਦੇ ਸੰਪਾਦਕ ਹਰੀ ਸਿੰਘ ਤਰਕ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਨਮਨ ਕੀਤਾ।
ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਦੇ ਅੱਜ 8 ਮਹੀਨੇ ਪੂਰੇ ਹੋਣ ਦੇ ਨਾਲ ਹੀ ਚੌਕੀਮਾਨ ਟੌਲ ’ਤੇ ਚੱਲਦੇ ਕਿਸਾਨ ਮੋਰਚੇ ਦੇ 10 ਮਹੀਨੇ ਪੂਰੇ ਹੋ ਗਏ। ਜਿਹੜੇ ਜੋਸ਼ ਨਾਲ ਕਿਸਾਨਾਂ ਨੇ 300 ਦਿਨ ਪਹਿਲਾਂ ਟੌਲ ’ਤੇ ਧਰਨਾ ਲਾਇਆ ਸੀ ਉਹੀ ਜੋਸ਼ ਅੱਜ ਵੀ ਬਰਕਰਾਰ ਹੈ। ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ਪਲਾਜ਼ੇ ’ਤੇ ਕਿਸਾਨਾਂ ਨੇ ਅੱਜ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਦਿੱਲੀ ’ਚ ਚੱਲਦੀ ਕਿਸਾਨ ਸੰਸਦ ਲਈ ਹੋਰ ਜਥੇ ਭੇਜਣ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਪ੍ਰਣ ਲਿਆ। ਪੇਂਡੂ ਮਜ਼ਦੂਰ ਯੂਨੀਅਨ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਕਿਰਤੀ ਕਿਸਾਨ ਯੂਨੀਅਨ ਨੇ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਧਰਨਾ ਜਾਰੀ ਰੱਖਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਰਸੂਲਪੁਰ, ਸਤਨਾਮ ਸਿੰਘ ਮੋਰਕਰੀਮਾ, ਆਤਮਾ ਸਿੰਘ ਬੋਪਾਰਾਏ, ਚਮਕੌਰ ਸਿੰਘ ਬਰਮੀ, ਅਧਿਆਪਕ ਆਗੂ ਮਾ. ਅਜਮੇਰ ਸਿੰਘ ਤਲਵੰਡੀ, ਚਰਨ ਸਿੰਘ ਸਰਾਭਾ ਆਦਿ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਟਰੈਕਟਰ ’ਤੇ ਚੜ੍ਹ ਕੇ ਸੰਸਦ ਗੇਟ ਤੱਕ ਆਏ।