ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਮਈ
ਦਿੱਲੀ ਦੇ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਮਹਿੰਦਰ ਸਿੰਘ ਦੀ ਅੰਤਿਮ ਅਰਦਾਸ ਪਿੰਡ ਫੁੱਲਾਂਵਾਲ ਦੇ ਗੁਰਦੁਆਰਾ ਸਾਹਿਬ ਵਿੱਚ ਹੋਈ। ਇਸ ਮੌਕੇ ਜਿੱਥੇ ਕੀਰਤਨੀ ਜਥੇ ਨੇ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ, ਉੱਥੇ ਕਿਸਾਨ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਹੀਦ ਕਿਸਾਨ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਸੰਯੁਕਤ ਮੋਰਚੇ ਵੱਲੋਂ ਬਲਬੀਰ ਸਿੰਘ ਰਾਜੇਵਾਲ ਦੇ ਲੜਕੇ ਤੇਜਿੰਦਰ ਸਿੰਘ ਰਾਜੇਵਾਲ ਨੇ ਮਹਿੰਦਰ ਸਿੰਘ ਨੂੰ ਅਮਰ ਸ਼ਹੀਦ ਦਾ ਦਰਜਾ ਦਿੰਦਿਆਂ ਕਿਹਾ ਕਿ ਇਸ ਇਤਿਹਾਸਿਕ ਯੁੱਧ ਵਿੱਚ ਸ਼ਹੀਦ ਹੋਣ ਵਾਲੇ ਯੋਧਿਆਂ ਦਾ ਨਾਮ ਸ਼ੰਘਰਸ਼ ਦੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਨੇ ਸੰਗਤਾਂ ਨੂੰ ਵਿਸ਼ਵਾਸ ਦਵਾਇਆ ਕਿ ਜਿੰਨੀ ਦੇਰ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਪਿੱਛੇ ਨਹੀਂ ਹਟਾਂਗੇ।
ਪਿੰਡ ਫੁੱਲਾਂਵਾਲ ਦੇ ਜੁਝਾਰੂ ਕਿਸਾਨ ਆਗੂ ਕਰਮਜੀਤ ਸਿੰਘ ਕੰਮਾ ਸੇਖੋਂ ਨੇ ਅੰਦਲਨ ਤੋਂ ਬੇਖਬਰ ਹੋ ਕੇ ਘਰਾਂ ਵਿੱਚ ਬੈਠੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅੱਜ ਦਿੱਲੀ ਮੋਰਚੇ ਵਿੱਚ ਜਾਣ ਦਾ ਸਮਾਂ ਹੈ ਫਿਰ ਲੰਘੇ ਸਮੇਂ ਪਿੱਛੋ ਪੁਛਤਾਉਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਸੇਖੋਂ ਨੇ ਰਾਜੇਵਾਲ ਪਾਸੋਂ ਮੰਗ ਕੀਤੀ ਹੈ ਕਿ ਉਹ ਸੰਯੁਕਤ ਮੋਰਚੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਦਿੱਤੀ ਜਾਂਦੀ 5 ਲੱਖ ਰੁਪਏ ਦੀ ਰਾਸ਼ੀ ਮੁੜ ਸ਼ੁਰੂ ਕਰਵਾਉਣ ਤਾਂ ਜੋ ਸ਼ਹੀਦਾਂ ਦੇ ਵਾਰਸਾਂ ਦੀ ਮਾਲੀ ਮੱਦਦ ਹੋ ਸਕੇ।
ਸੰਯੁਕਤ ਮੋਰਚੇ ਵੱਲੋਂ ਸ਼ਹੀਦ ਮਹਿੰਦਰ ਸਿੰਘ ਦੀ ਪਤਨੀ ਮਨਜਿੰਦਰ ਕੌਰ, ਲੜਕੇੇ ਗੁਰਿੰਦਰਪਾਲ ਸਿੰਘ, ਜਗਪਿੰਦਰ ਸਿੰਘ ਨੂੰ ਪੱਗ ਦੇ ਕੇ ਪਰਿਵਾਰ ਦੇ ਹਰ ਦੁੱਖ-ਸੁੱਖ ਵਿੱਚ ਸਾਥ ਦੇਣ ਦਾ ਵਾਅਦਾ ਕੀਤਾ। ਅੰਤਿਮ ਅਰਦਾਸ ਵਿੱਚ ਸੰਯੁਕਤ ਮੋਰਚੇ ਵੱਲੋਂ ਵੱਡੀ ਗਿਣਤੀ ਵਿੱਚ ਆਏ ਆਗੂਆਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਰਘਬੀਰ ਸਿੰਘ, ਸਰਪੰਚ ਸੰਨੀ ਸੇਖੋਂ, ਸਰਪੰਚ ਰਣਜੀਤ ਸਿੰਘ ਠੇਕੇਦਾਰ, ਜੱਸੀ ਸੇਖੋਂ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।