ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਮਈ
‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ’ ਵਰਗਾ ਪ੍ਰਸਿੱਧ ਗੀਤ ਸਮਾਜ ਦੀ ਝੋਲੀ ਪਾਉਣ ਵਾਲੇ ਕਿਰਤੀਆਂ ਦੇ ਲੋਕ ਕਵੀ ਮਹਿੰਦਰ ਸਾਥੀ ਨੂੰ ਅੱਜ ਇਥੇ ਕਿਸਾਨ ਮੋਰਚੇ ’ਚ ਯਾਦ ਕੀਤਾ ਗਿਆ। ਰੇਲਵੇ ਪਾਰਕ ’ਚ ਧਰਨੇ ਦੌਰਾਨ ਕਿਸਾਨ ਆਗੂਆਂ ਨੇ ਮੋਗਾ ਨਾਲ ਸਬੰਧਤ ਕਵੀ ਮਹਿੰਦਰ ਸਾਥੀ ਦੇ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸਾਰੀ ਉਮਰ ਗ਼ਜ਼ਲ ਅਤੇ ਕਵਿਤਾ ਰਾਹੀਂ ਇਨਕਲਾਬ ਦੀ ਜਵਾਲਾ ਮੱਘਦੀ ਰੱਖਣ ਵਾਲੇ ਇਸ ਫੱਕਰ ਕਵੀ ਨੇ ਨੂਰਪਰ ਬੇਦੀ ਦੇ ਗੁਰਦੇਵ ਹਸਪਤਾਲ ’ਚ ਆਖਰੀ ਸਾਹ ਲਏ। ਸਨਅਤੀ ਕਾਮੇ ਵਜੋਂ ਸਾਦਗੀ ਭਰਪੂਰ ਜ਼ਿੰਦਗੀ ਜਿਉਣ ਵਾਲੇ ਮਹਿੰਦਰ ਸਾਥੀ ਸਮਾਜਵਾਦੀ ਵਿਚਾਰਧਾਰਾ ਦੇ ਧਾਰਨੀ ਸਨ। ਉਨ੍ਹਾਂ ਦਾ ਰਚਿਆ ਗੀਤ ‘ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ’ ਲੰਮੇ ਸਮੇਂ ਤੋਂ ਸੰਘਰਸ਼ ਪਿੜਾਂ ’ਚ ਗੂੰਜਦਾ ਅਮਰ ਗੀਤ ਹੈ। ਧਰਨਾਕਾਰੀਆਂ ਨੇ ਅੱਜ ਦੇ ਦਿਨ 16 ਮਈ 1916 ਨੂੰ ਅੰਗਰੇਜ਼ ਹਕੂਮਤ ਵਲੋਂ ਲਾਹੌਰ ਜੇਲ੍ਹ ’ਚ ਫਾਂਸੀ ਦੇ ਕੇ ਸ਼ਹੀਦ ਕੀਤੇ ਗਦਰੀ ਬਾਬਾ ਪ੍ਰੇਮ ਸਿੰਘ ਸੁਰਸਿੰਘ, ਬਾਬਾ ਇੰਦਰ ਸਿੰਘ ਪੱਧਰੀ, 16 ਮਈ 1933 ਨੂੰ ਜਲੰਧਰ ਜੇਲ੍ਹ ’ਚ ਫਾਂਸੀ ਚਾੜ੍ਹੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਾਂਧਰਾ ਦੇ ਬੱਬਰ ਅਕਾਲੀ ਸਾਧੂ ਸਿੰਘ, ਜਲੰਧਰ ਜ਼ਿਲ੍ਹੇ ਦੇ ਰੰਧਾਵਾ ਮਸੰਦਾ ਦੇ ਬੱਬਰ ਭਾਨ ਸਿੰਘ, ਬੱਬਰ ਲਾਭ ਸਿੰਘ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ। ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਹਕੂਮਤੀ ਪਾਰਟੀਆਂ ਦਾ ਕਿਰਦਾਰ ਹੁਣ ਬੇਪਰਦ ਹੋ ਚੁੱਕਾ ਹੈ। ਲੋਕਾਂ ਨੂੰ ਆਪਣੀ ਤਕਦੀਰ ਦੇ ਮਾਲਕ ਆਪ ਬਨਣਾ ਹੋਵੇਗਾ। ਆਪਣੇ ਹੱਕਾਂ ਦੀ ਰਾਖੀ ਲਈ ਗਿਆਨਵਾਨ ਹੋਣਾ ਅਤਿਅੰਤ ਜ਼ਰੂਰੀ ਹੈ। ਪ੍ਰੋ. ਸਰਬਜੀਤ ਸਿੰਘ ਗਿੱਲ, ਇਕਬਾਲ ਸਿੰਘ ਬੁੱਟਰ, ਜਗਦੀਪ ਸਿੰਘ ਕੋਠੇ ਖੰਜੂਰਾਂ ਦੀ ਪ੍ਰਧਾਨਗੀ ਹੇਠ ਚੱਲੇ ਧਰਨੇ ਨੂੰ ਮਦਨ ਸਿੰਘ, ਬਲਦੇਵ ਸਿੰਘ ਫ਼ੌਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਦੌਰਾਨ ਦੇਸ਼ ਦੇ ਬਦਤਰ ਹਾਲਾਤਾਂ ਦੀ ਦੁਨੀਆਂ ਭਰ ’ਚ ਭੰਡੀ ਹੋਈ ਹੈ। ਇਸ ’ਤੇ ਅੰਕੜੇ ਲੁਕੋਣ ਵਾਲੀ ਸਰਕਾਰ ਦਾ ਮੁਖੀ ਨਰਿੰਦਰ ਮੋਦੀ ਹੁਣ ਅੰਕੜੇ ਨਾ ਲੁਕੋਣ ਦੀਆਂ ਨਸੀਹਤਾਂ ਦਿੰਦਾ ਸ਼ੋਭਦਾ ਨਹੀਂ। ਉਨ੍ਹਾਂ ਦੱਸਿਆ ਕਿ ਕਿਸਾਨ ਮਜ਼ਦੂਰ ਅੰਦੋਲਨ ’ਚ ਬੀਤੇ ਦਿਨ ਚੀਮਾ, ਰਸੂਲਪੁਰ ਜੰਡੀ, ਜਨੇਤਪੁਰਾ, ਢੋਲਣ ਆਦਿ ਪਿੰਡਾਂ ’ਚੋਂ ਜਥੇ ਦਿੱਲੀ ਬਾਰਡਰ ਨੂੰ ਕੂਚ ਕੀਤੇ ਹਨ। ਬਾਕੀ ਪਿੰਡਾਂ ’ਚੋਂ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ 26 ਮਈ ਦੇ ਦਿੱਤੇ ਪ੍ਰੋਗਰਾਮ ਅਨੁਸਾਰ ‘ਕਾਲਾ ਦਿਵਸ’ ਮਨਾਇਆ ਜਾਵੇਗਾ।
ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਕਸਬਾ ਹਠੂਰ ਵਿੱਚ ਸੂਬੇਦਾਰ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਹੋਈ। ਸਭ ਤੋਂ ਪਹਿਲਾਂ ਜਥੇਬੰਦੀ ਦੇ ਅੰਮ੍ਰਿਤਸਰ ਇਕਾਈ ਦੇ ਆਗੂ ਤੇ ਲੋਕ ਲਹਿਰ ਨੂੰ ਸਮਰਪਿਤ ਸੁਖਰਾਜ ਸਿੰਘ ਛੀਨਾ ਦੇ ਸਦੀਵੀ ਵਿਛੋੜੇ ’ਤੇ ਦੁੱਖ ਜ਼ਾਹਿਰ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕਿਰਤ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਤੇ ਮੌਤ ਦੀ ਲੜਾਈ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਫ਼ਸਲਾਂ ’ਤੇ ਘੱਟੋ ਘੱਟ ਸਮੱਰਥਨ ਮੁੱਲ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਵਾਉਣ ਲਈ ਜ਼ਰੂਰੀ ਹੈ ਕਿ ਦਿੱਲੀ ਮੋਰਚਿਆਂ ’ਚ ਹਾਜ਼ਰੀ ਵਧਾਈ ਜਾਵੇ। ਉਨ੍ਹਾਂ ਦੀ ਜਥੇਬੰਦੀ ਹਾਜ਼ਰੀ ਵਧਾਉਣ ’ਚ ਹਿੱਸਾ ਪਾਉਣ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ 26 ਮਈ ਸਬੰਧੀ ਦਿੱਤੇ ਹੋਏ ਪ੍ਰੋਗਰਾਮ ਨੂੰ ਤਨਦੇਹੀ ਨਾਲ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਉਸ ਦਿਨ ਘਰਾਂ ਅਤੇ ਦੁਕਾਨਾਂ ’ਤੇ ਕਾਲੇ ਝੰਡੇ ਲਹਿਰਾ ਕੇ ‘ਕਾਲਾ ਦਿਵਸ’ ਮਨਾਇਆ ਜਾਵੇਗਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦਾ ਵੀ ਮੀਟਿੰਗ ’ਚ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਕਾਰਕੁੰਨ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਮੋਦੀ ਸਰਕਾਰ ਦੇ ਪੁਤਲੇ ਫੂਕਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਕਰੋਨਾ ਦਾ ਰੌਲਾ ਜ਼ਿਆਦਾ ਪਾ ਰਹੀ ਹੈ ਜਿਸ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮਹਾਮਾਰੀ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕੇ, ਵੈਕਸੀਨ ਦਾ ਪ੍ਰਬੰਧ ਕੀਤਾ ਜਾਵੇ, ਹਸਪਤਾਲਾਂ ’ਚ ਦਵਾਈਆਂ ਤੇ ਇਲਾਜ ਲਈ ਭਟਕ ਤੇ ਤੜਫ ਰਹੇ ਲੋਕਾਂ ਦੀ ਸਾਰ ਲਈ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਮਾਹਿਰ ਵੀ ਕਹਿ ਰਹੇ ਹਨ ਕਿ ਬੀਮਾਰੀ ਨਾਲੋਂ ਜ਼ਿਆਦਾ ਮੌਤਾਂ ਕਰੋਨਾ ਹੋਣ ਦੀ ਦਹਿਸ਼ਤ ਨਾਲ ਹੋ ਰਹੀਆਂ ਹਨ। ਪਹਿਲਾਂ ਹੀ ਸਰਕਾਰ ਦੀਆਂ ਗਲਤ ਲੋਕਮਾਰੂ ਨੀਤੀਆਂ ਕਰਕੇ ਆਰਥਿਕ ਪੱਖੋਂ ਨਪੀੜੇ ਲੋਕ ਲੌਕਡਾਊਨ ’ਚ ਮਾਲੀ ਤੌਰ ’ਤੇ ਬੁਰੀ ਤਰ੍ਹਾਂ ਟੁੱਟੇ ਹਨ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾ 136ਵੇਂ ਦਿਨ ਜਾਰੀ ਰਿਹਾ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਵਿਵਾਦਿਤ ਖੇਤੀ ਕਾਨੂੰਨ ਜਿੱਥੇ ਖੇਤੀ ਸੈਕਟਰ ਨੂੰ ਤਬਾਹ ਕਰਨਗੇ, ਉੱਥੇ ਬੇਰੁਜ਼ਗਾਰਾਂ ਗਿਣਤੀ ਵਿੱਚ ਵੀ ਅਥਾਹ ਵਾਧਾ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਹਕੂਮਤ ਨੇ ਰੁਜ਼ਗਾਰ ਦੇ ਮੌਕੇ ਤਾਂ ਕੀ ਪੈਦਾ ਕਰਨੇ ਸੀ, ਉਲਟਾ ਚੱਲ ਰਹੇ ਕੰਮ ਵੀ ਤਾਲਾਬੰਦੀ ਦੀ ਮਾਰ ਹੇਠ ਤਬਾਹ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਿੱਜੀਕਰਨ ਦੀ ਨੀਤੀ ਬੰਦ ਕਰਕੇ ਜਨਤਕ ਖੇਤਰ ਨੂੰ ਮੁੜ ਸਥਾਪਿਤ ਕਰੇ। ਧਰਨੇ ਦੀ ਅਗਵਾਈ ਸੁਖਵਿੰਦਰ ਕੌਰ, ਮਹਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਕੀਤੀ। ਜਨਵਾਦੀ ਇਸਤਰੀ ਸਭਾ ਦੀ ਆਗੂ ਪਰਮਜੀਤ ਕੌਰ ਜੜਤੌਲੀ, ਜਰਨੈਲ ਕੌਰ, ਕੁਲਜੀਤ ਕੌਰ ਗਰੇਵਾਲ, ਮਨਜੀਤ ਕੌਰ, ਜਸਪ੍ਰੀਤ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਜੜਤੌਲੀ, ਬਲਜੀਤ ਸਿੰਘ ਖੱਟੜਾ, ਕਰਨੈਲ ਸਿੰਘ, ਨੌਜਵਾਨ ਆਗੂ ਮਨਜੀਤ ਸਿੰਘ ਗੁੱਜਰਵਾਲ, ਸਾਬਕਾ ਕੌਂਸਲਰ ਹਰਭਜਨ ਸਿੰਘ ਸੰਦੀਲਾ ਨੇ ਇਸ ਮੌਕੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨ ਮੋਰਚਾ ਖ਼ਤਮ ਕਰਾਉਣ ਲਈ ਸਰਕਾਰ ਕਰੋਨਾ ਦਾ ਬਹਾਨਾ ਬਣਾ ਕੇ ਕੁਫ਼ਰ ਤੋਲ ਰਹੀ ਜਦਕਿ ਬੇਕਾਬੂ ਕਰੋਨਾ ਨਾਲ ਦੇਸ਼ ਭਰ ਵਿਚ ਹੋ ਰਹੀਆਂ ਮੌਤਾਂ ਉੱਪਰ ਪਰਦਾਪੋਸ਼ੀ ਕਰਨ ਲਈ ਸੱਚ ਲੁਕਾਇਆ ਜਾ ਰਿਹਾ ਹੈ। ਹੋਰਨਾਂ ਤੋਂ ਇਲਾਵਾ ਜਗਮੇਲ ਸਿੰਘ ਮਲੌਦ, ਕਾਕਾ ਜੋਬਨਦੀਪ ਸਿੰਘ, ਬੱਚੀ ਸੁਰੀਤ ਕੌਰ, ਗੁਰਦੇਵ ਸਿੰਘ ਆਸੀ, ਗੁਰਉਪਦੇਸ਼ ਸਿੰਘ, ਗੁਰਮੀਤ ਸਿੰਘ ਕਿਲ੍ਹਾ ਰਾਏਪੁਰ, ਮਹਿੰਦਰ ਸਿੰਘ ਅਤੇ ਬਲਜੀਤ ਸਿੰਘ ਸਾਇਆ ਨੇ ਵੀ ਸੰਬੋਧਨ ਕੀਤਾ। ਉੱਧਰ ਲੁਧਿਆਣਾ ਬਠਿੰਡਾ ਰਾਜ ਮਾਰਗ ਦੇ ਹਿੱਸੋਵਾਲ ਟੋਲ ਪਲਾਜ਼ਾ ਉੱਪਰ ਵੀ ਕਿਸਾਨ ਜਥੇਬੰਦੀਆਂ ਦਾ ਧਰਨਾ ਲਗਾਤਾਰ ਜਾਰੀ ਹੈ। ਕਿਸਾਨ ਆਗੂਆਂ ਨੇ ਪੱਕੇ ਮੋਰਚਿਆਂ ਦੀ ਹੋਰ ਮਜ਼ਬੂਤੀ ‘ਤੇ ਜ਼ੋਰ ਦਿੱਤਾ ਤਾਂ ਕਿ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।
ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਸਿਰਥਲਾ ਦੇ ਗੁਰਦੁਆਰੇ ਵਿੱਚ ਸੁਖਚੈਨ ਸਿੰਘ ਸਿਰਥਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਕਿਸਾਨ, ਮਜ਼ਦੂਰ ਤੇ ਹੋਰ ਨੌਜਵਾਨ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਵੰਤ ਸਿੰਘ ਘੁਡਾਣੀ ਨੇ ਜਥੇਬੰਦੀ ਦੇ ਇਤਿਹਾਸ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਘੋਲ ਨੂੰ ਉਸਾਰਨ ਲਈ ਸਾਡੇ ਕਿਸਾਨ ਆਗੂਆਂ ਨੇ ਬਹੁਤ ਮਿਹਨਤ ਕੀਤੀ ਹੈ। ਇਸੇ ਮਿਹਨਤ ਸਦਕਾ ਅੱਜ ਘੋਲ ਬੁਲੰਦੀਆਂ ਨੂੰ ਛੋਹ ਰਿਹਾ ਹੈ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨ ਪੀੜ੍ਹੀ ਨੂੰ ਅਪਣੇ ਅੰਦਰ ਪਈ ਅਥਾਹ ਸਮਰੱਥਾ ਨੂੰ ਲੋਕ ਘੋਲਾਂ ਦੇ ਲੇਖੇ ਲਾਉਣ ਲਈ ਪ੍ਰੇਰਿਆ। ਪਿੰਡ ਵਿੱਚ ਮੈਂਬਰਸਿਪ ਕਰਕੇ ਪਿੰਡ ਦੀ ਪੱਕੀ ਕਮੇਟੀ ਚੁਣਨ, ਫੰਡ ਮੁਹਿੰਮ ਤੇਜ਼ ਕਰਨ ਦਾ ਸੁਝਾਅ ਦਿੱਤਾ ਗਿਆ ਤੇ ਦਿੱਲੀ ਅਤੇ ਪੰਜਾਬ ਵਿਚ ਚਲਦੇ ਮੋਰਚਿਆਂ ’ਚ ਸ਼ਮੂਲੀਅਤ ਵਧਾਉਣ ਦਾ ਸੱਦਾ ਦਿੱਤਾ। ਸ਼ਹੀਦ ਹੋਏ ਸਾਥੀ ਲਾਭ ਸਿੰਘ ਸਿਰਥਲਾ ਦੇ ਵਾਰਿਸਾਂ ਨੂੰ ਮੁਆਵਜ਼ਾ ਲੈਣ ਲਈ ਸਰਕਾਰੀ ਅਧਿਕਾਰੀਆਂ ਨੂੰ ਮਜਬੂਰ ਕਰਨ ਲਈ ਵੱਡਾ ਜਨਤਕ ਦਬਾਅ ਬਨਾਉਣ ਦਾ ਫੈ਼ਸਲਾ ਕੀਤਾ ਗਿਆ।