ਗੁਰਿੰਦਰ ਸਿੰਘ
ਲੁਧਿਆਣਾ, 4 ਜਨਵਰੀ
ਦਿੱਲੀ ਬਾਰਡਰਾਂ ’ਤੇ ਸੰਘਰਸ਼ ਦੌਰਾਨ ਸ਼ਹੀਦ ਹੋਏ 56 ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਯੂਨਾਈਟਿਡ ਯੂਥ ਫੈਡਰੇਸ਼ਨ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਵਿੱਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ।
ਪ੍ਰਧਾਨ ਆਕਾਸ਼ ਵਰਮਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਨੇ ਅਰਜਨ ਨਗਰ ਤੋਂ ਸ਼ੁਰੂ ਕਰਕੇ ਰਾਮ ਨਗਰ ਅਤੇ ਐੱਸਏਐੱਸ ਨਗਰ ਵਿੱਚੋਂ ਹੁੰਦਾ ਹੋਇਆ ਪ੍ਰਤਾਪ ਨਗਰ ਵਿੱਚ ਸਮਾਪਤ ਹੋਇਆ। ਇਸ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਡੱਟ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੋਹਣ ਸਿੰਘ ਗੋਗਾ, ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਕੌਮੀ ਮੀਤ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਭਾਈ ਕੁਲਬੀਰ ਸਿੰਘ, ਸਰਬਜੀਤ ਸਿੰਘ ਬੱਟੂ, ਜਸਵਿੰਦਰ ਵਰਮਾ, ਲਾਲੀ ਦਹੇਲਾ, ਅਜੇ ਕੁਮਾਰ, ਨਵੀ ਸਿੰਘ, ਸਤਵੰਤ ਸਿੰਘ ਮਠਾੜੂ, ਕੋੋਕੀ ਨਿੰਦਾ ਅਤੇ ਕੁਲਤਾਰ ਆਦਿ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਕਿਸਾਨਾਂ ਦੇ ਇੱਕ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਹਰੇਕ ਪਰਿਵਾਰ ਨੂੰ ਦਸ ਦਸ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਕੇ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ।
ਜਗਰਾਉਂ ਦੇ ਸੱਤ ਪਿੰਡਾਂ ਵਿੱਚ ਮੋਮਬੱਤੀ ਮਾਰਚ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਪੇਂਡੂ ਮਜ਼ਦੂਰ ਯੂਨੀਅਨ ਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਬੀਤੀ ਦੇਰ ਸ਼ਾਮ ਪਿੰਡ ਰਸੂਲਪੁਰ, ਸਿੱਧਵਾਂ ਕਲਾਂ ਸਮੇਤ ਸੱਤ ਪਿੰਡਾਂ ਵਿੱਚ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਦੌਰਾਨ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ। ਇਹ ਮਾਰਚ ਗਲ਼ੀ-ਗਲ਼ੀ ਹੁੰਦਾ ਹੋਇਆ ਦੇਰ ਰਾਤ ਨੂੰ ਸਮਾਪਤ ਹੋਇਆ। ਆਗੂ ਅਵਤਾਰ ਰਸੂਲਪੁਰ, ਪਰਮਜੀਤ ਸਿੱਧਵਾਂ, ਕੁਲਵੰਤ ਸਿੰਘ ਸ਼ੌਂਕੀ, ਧਰਮਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਲੋਕਾਈ ਨੂੰ ਸਮਾਜ ਵਿੱਚ ਵਿਚਰਨ ਲਈ ਚੰਗੇ ਸੁਨੇਹੇ ਦੇ ਰਿਹਾ ਹੈ। ਉਨ੍ਹਾਂ ਮੋਗੇ ਵਿੱਚ ਅੱਠ ਜਨਵਰੀ ਨੂੰ ਕਨਵੈਨਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀ।