ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਕਤੂਬਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ, ਵੱਲੋਂ ‘ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ’ ਸੰਬੰਧੀ ਲਾਇਆ ਪੰਜ ਦਿਨਾ ਕਿਸਾਨ ਸਿਖਲਾਈ ਕੋਰਸ ਸਮਾਪਤ ਹੋ ਗਿਆ। ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਨਿਰਦੇਸ਼ਕ ਖੋਜ ਡਾ. ਜੇ.ਪੀ.ਐਸ. ਗਿੱਲ ਨੇ ਕਿਹਾ ਕਿ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਦੇ ਨਾਲ ਡੇਅਰੀ ਪ੍ਰਾਸੈਸਿੰਗ ਦੇ ਮੁਨਾਫੇ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂਕਿਸਾਨਾਂ ਨੂੰ ਕਿਸਾਨ ਉਤਪਾਦਕ ਸੰਗਠਨ ਬਨਾਉਣ, ਮਿਆਰੀ ਦੁੱਧ ਅਤੇ ਦੁੱਧ ਉਤਪਾਦਾਂ ਦਾ ਉਤਪਾਦਨ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ ਡੀਨ ਡਾ. ਐਸ.ਕੇ. ਮੈਂਦੀਰੱਤਾ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਛੋਟੇ ਦੁੱਧ ਉਤਪਾਦਕਾਂ ਨੂੰ ਪ੍ਰੋਸੈਸਿੰਗ ਵੱਲ ਤਬਦੀਲ ਕੀਤਾ ਜਾਵੇ। ਉਨ੍ਹਾਂ ਛੋਟੇ ਡੇਅਰੀ ਪ੍ਰਾਸੈਸਰਾਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਦੇ ਵਧੀਆ ਮੰਡੀਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਚੰਗੇ ਬਾਜ਼ਾਰ ਦੀ ਚੋਣ ਕਰਨ ਬਾਰੇ ਸਲਾਹ ਦਿੱਤੀ। ਕੋਰਸ ਪ੍ਰਬੰਧਕ ਡਾ. ਇੰਦਰਪ੍ਰੀਤ ਕੌਰ, ਡਾ. ਪੀ.ਕੇ ਸਿੰਘ ਅਤੇ ਇੰਜ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਸੱਤ ਦੁੱਧ ਉਤਪਾਦਾਂ-ਮਿਲਕ ਕੇਕ, ਪਨੀਰ, ਘਿਓ, ਦਹੀਂ, ਲੱਸੀ, ਮੋਜੇਰੇਲਾ ਪਨੀਰ ਅਤੇ ਸੁਗੰਧਿਤ ਦੁੱਧ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ।