ਖੇਤਰੀ ਪ੍ਰਤੀਨਿਧ
ਲੁਧਿਆਣਾ, 31 ਅਗਸਤ
ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਲਗਾਇਆ ਗਿਆ। ਇਸ ਦਾ ਵਿਸ਼ਾ ਖੇਤੀ ਅਤੇ ਭੋਜਨ ਉਤਪਾਦਾਂ ਦੇ ਮੰਡੀਕਰਨ ਬਾਰੇ ਜਾਣਕਾਰੀ ਦੇਣਾ ਸੀ। । ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਮੰਡੀਕਰਨ ਦਾ ਵਿਕਸਿਤ ਅਤੇ ਸੁਧਰਿਆ ਹੋਇਆ ਰੂਪ ਖੇਤੀ ਅਤੇ ਉਦਯੋਗ ਵਿੱਚ ਸਾਂਝ ਲਈ ਸਹਾਈ ਹੋਵੇਗਾ ਅਤੇ ਇਸ ਨਾਲ ਆਰਥਿਕਤਾ ਵਿੱਚ ਵਾਧਾ ਹੋਵੇਗਾ। ਕੋਰਸ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਉਤਪਾਦਨ ਤੋਂ ਬਾਅਦ ਉਤਪਾਦ ਤਿਆਰ ਕਰਨ ਵੱਲ ਪਸਾਰ ਅਧਿਕਾਰੀਆਂ ਨੂੰ ਧਿਆਨ ਸੇਧਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਿਆਰ, ਗਾਹਕਾਂ ਦੀ ਮੰਗ, ਮੰਡੀ ਸੂਚ, ਪ੍ਰੋਸੈਸਿੰਗ ਅਤੇ ਮੁੱਲ ਵਾਧੇ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਡਾ. ਖੁਸ਼ਦੀਪ ਧਰਨੀ ਨੇ ਕਿਸਾਨਾਂ ਨੂੰ ਗਾਹਕਾਂ ਨਾਲ ਨੇੜਲੇ ਸਬੰਧ ਬਣਾ ਕੇ ਖੇਤੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਡਾ. ਰਮਨਦੀਪ ਸਿੰਘ ਨੇ ਉਤਪਾਦਾਂ ਦੇ ਵਿਕਾਸ ਅਤੇ ਮੰਡੀਕਰਨ ਲਈ ਸਹੀ ਪੈਕਿੰਗ ਵੱਲ ਧਿਆਨ ਦੁਆਇਆ। ਡਾ. ਐੱਲਐੱਮ ਕਥੂਰੀਆ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਬਾਰੇ ਸਰਕਾਰੀ ਪਹਿਲਕਦਮੀਆਂ ਦਾ ਜ਼ਿਕਰ ਕੀਤਾ।