ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜਨਵਰੀ
ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ 14 ਥਾਵਾਂ ‘ਤੇ ਚੋਣ ਅਮਲੇ ਦੀ ਦੂਜੀ ਟ੍ਰੇਨਿੰਗ ਕਰਵਾਈ ਗਈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਤਿੰਨ ਸਿਖਲਾਈ ਸਥਾਨਾਂ ਦਾ ਦੌਰਾ ਕੀਤਾ ਅਤੇ ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ, ਕੁੰਦਨ ਵਿਦਿਆ ਮੰਦਰ ਅਤੇ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਵਿਖੇ ਸਿਖਲਾਈ ਸਥਾਨਾਂ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਚੋਣ ਡਿਊਟੀ ਲਈ ਤਾਇਨਾਤ ਅਧਿਕਾਰੀਆਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਮਹੱਤਵਪੂਰਨ ਕੰਮ ਲਈ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਚੋਣ ਅਮਲੇ ਨੂੰ ਸਮੁੱਚੀ ਚੋਣ ਪ੍ਰਕਿਰਿਆ, ਉਨ੍ਹਾਂ ਦੀਆਂ ਡਿਊਟੀਆਂ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.), ਵੀ.ਵੀ.ਪੈਟ ਦੀ ਸੰਭਾਲ ਤੋਂ ਇਲਾਵਾ ਚੋਣ ਪ੍ਰਕਿਰਿਆ ਨਾਲ ਸਬੰਧਤ ਹੋਰ ਪਹਿਲੂਆਂ ਬਾਰੇ ਸਿਖਲਾਈ ਦਿੱਤੀ ਗਈ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਤਿੰਨ ਹੋਰ ਟ੍ਰੇਨਿੰਗਾਂ ਕਰਵਾਉਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਚੋਣ ਡਿਊਟੀ ਲਈ ਤਾਇਨਾਤ ਸਮੂਹ ਸਟਾਫ਼ ਨੂੰ ਇਸ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ ਬਲਕਿ ਡਿਊਟੀ ਕਟਵਾਉਣ ਲਈ ਹੱਥਕੰਡੇ ਅਪਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਚੋਣ ਅਮਲੇ ਦੀ ਦੂਜੀ ਟ੍ਰੇਨਿੰਗ ਉਕਤ ਤੋਂ ਇਲਾਵਾ ਵਿਧਾਨ ਸਭਾ ਹਲਕਾ 57-ਖੰਨਾ ਲਈ ਏ.ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਖੰਨਾ, 58-ਸਮਰਾਲਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਖੰਨਾ ਰੋਡ, 59-ਸਾਹਨੇਵਾਲ ਲਈ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ (ਲੜਕੀਆਂ), 62-ਆਤਮ ਨਗਰ ਦੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਵਿਖੇ, 63-ਲੁਧਿਆਣਾ (ਕੇਂਦਰੀ) ਲਈ ਆਰੀਆ ਕਾਲਜ, 64-ਲੁਧਿਆਣਾ (ਪੱਛਮੀ) ਲਈ ਖ਼ਾਲਸਾ ਕਾਲਜ (ਲੜਕੀਆਂ) ਵਿਖੇ, 66-ਗਿੱਲ ਲਈ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਵਿਖੇ, 67-ਪਾਇਲ ਲਈ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ, 68-ਦਾਖਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੀ.ਏ.ਯ, 69-ਰਾਏਕੋਟ ਲਈ ਸਵਾਮੀ ਗੰਗਾ ਗਿਰੀ ਸੀਨੀਅਰ ਸੈਕੰਡਰੀ ਸਕੂਲ, ਰਾਏਕੋਟ ਅਤੇ 70-ਜਗਰਾਉਂ ਦੇ ਚੋਣ ਅਮਲੇ ਦੀ ਸਿਖਲਾਈ ਲਾਲਾ ਲਾਜਪਤ ਰਾਏ, ਡੀ.ਏ.ਵੀ. ਕਾਲਜ ਜਗਰਾਉਂ ਵਿਚ ਹੋਈ।
ਪੋਲਿੰਗ ਸਬੰਧੀ ਆਂਗਣਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਸਿਖ਼ਲਾਈ
ਸਮਰਾਲਾ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ 58-ਸਮਰਾਲਾ ਵਿਖੇ ਅੱਜ 218 ਪੋਲਿੰਗ ਬੂਥਾਂ ਨਾਲ ਸਬੰਧਤ ਪੋਲਿੰਗ ਸਟਾਫ (ਪੀ.ਆਰ.ਓ., ਏ.ਪੀ.ਆਰ.ਓ., ਪੀ.ਓ.) ਨੂੰ ਮਾਸਟਰ ਟ੍ਰੇਨਰਾਂ ਅਤੇ ਸੈਕਟਰ ਅਫ਼ਸਰਾਂ ਵੱਲੋਂ ਚੋਣਾਂ ਕਰਵਾਉਣ ਸਬੰਧੀ ਟਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਦਿੱਤੀ ਗਈ ਜਿਸ ਵਿੱਚ ਕੁੱਲ 1198 ਪੋਲਿੰਗ ਸਟਾਫ ਨੇ ਭਾਗ ਲਿਆ। ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਵਿਕਰਮਜੀਤ ਸਿੰਘ ਪਾਂਥੇ ਵੱਲੋਂ ਨਿੱਜੀ ਤੌਰ ‘ਤੇ ਟ੍ਰੇਨਿੰਗ ਦਾ ਨਿਰੀਖਣ ਕੀਤਾ ਗਿਆ ਅਤੇ ਚੋਣਾਂ ਵਿੱਚ ਲੱਗੇ ਪੋਲਿੰਗ ਸਟਾਫ ਨੂੰ ਚੋਣਾਂ ਸਬੰਧੀ ਕੰਮਾਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਪੋਲਿੰਗ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਕੰਮ ਤਨਦੇਹੀ ਨਾਲ ਕਰਨ। ਇਸ ਤੋਂ ਇਲਾਵਾ ਕੋਵਿਡ-19 ਦੀਆਂ ਹਦਾਇਤਾਂ ਦਾ ਵੀ ਪਾਲਣ ਕਰਵਾਉਣ।