ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ-ਵਿਗਿਆਨ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਲਿੱਤਰ ਵਿੱਚ ਵਿਸ਼ੇਸ਼ ਤੌਰ ’ਤੇ ਅਨੁਸੂਚਿਤ ਜਾਤੀਆਂ ਲਈ ਇੱਕ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਸਕੀਮ ਤਹਿਤ ਪੰਜ ਦਿਨਾਂ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਕਰਵਾਇਆ ਗਿਆ। ਕੋਰਸ ਦੇ ਡਾਇਰੈਕਟਰ ਅਤੇ ਕੀਟ ਵਿਗਿਆਨ ਦੇ ਪ੍ਰੋਫੈਸਰ ਡਾ. ਪਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ ਇਹ ਮੁੱਢਲਾ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਰਾਜ ਦੇ ਗਰੀਬ ਅਤੇ ਬੇਰੁਜ਼ਗਾਰ ਦਿਹਾਤੀ ਲੋਕਾਂ ਨੂੰ ਸਵੈ-ਰੁਜ਼ਗਾਰ ਦਾ ਇੱਕ ਸਰੋਤ ਮੁਹੱਈਆ ਕਰਵਾਉਣ ਦਾ ਯਤਨ ਹੈ। ਇਸ ਤੋਂ ਇਲਾਵਾ ਇਹ ਸਿਖਲਾਈ ਕੋਰਸ ਸਿਖਿਆਰਥੀਆਂ ਦੇ ਕੀਮਤੀ ਸਮੇਂ ਨੂੰ ਬਚਾਉਣ ਲਈ ਸਿਖਿਆਰਥੀਆਂ ਦੇ ਪਿੰਡ ਵਿੱਚ ਹੀ ਕਰਵਾਇਆ ਗਿਆ ਸੀ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਦਰਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਕੋਰਸ ਵਿੱਚ ਸਿਖਿਆਰਥੀਆਂ ਨੂੰ ਲੈਕਚਰ, ਪ੍ਰਦਰਸ਼ਨਾਂ ਅਤੇ ਹੱਥੀਂ ਅਭਿਆਸ ਅਤੇ ਮਧੂ ਮੱਖੀ ਪਾਲਣ ਦੇ ਸਾਜ਼ੋ-ਸਾਮਾਨ, ਮੌਸਮੀ ਮਧੂ ਮੱਖੀ ਪਾਲਣ ਦੇ ਅਭਿਆਸ, ਮਧੂ ਮੱਖੀ ਦੇ ਦੁਸ਼ਮਣ ਕੀੜਿਆਂ ਬਾਰੇ ਦੱਸਿਆ। ਪ੍ਰਿੰਸੀਪਲ ਕੀਟ ਵਿਗਿਆਨੀ ਅਤੇ ਕੋਰਸ ਦੇ ਤਕਨੀਕੀ ਕੋਆਰਡੀਨੇਟਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਵਿੱਚ ਕੁੱਲ 25 ਸਿਖਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 18 ਮਹਿਲਾ ਸਿਖਿਆਰਥੀ ਸਨ।